ਯੈਸ ਬੈਂਕ ਨੂੰ ਬਚਾਉਣ ਲਈ ਅੱਗੇ ਆਇਆ ਕੈਨੇਡਾ ਦਾ ਪੰਜਾਬੀ

0
1499

ਦਿੱਲੀ: ਆਰਥਕ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੂੰ ਵੱਡੇ ਨਿਵੇਸ਼ਕਾਂ ਵੱਲੋਂ ਨਿਵੇਸ਼ ਦੇ ਜ਼ਰੀਏ ਮਦਦ ਦੀ ਪੇਸ਼ਕਸ਼ ਹੋਈ ਹੈ। ਕੈਨੇਡਾ ਦੇ ਅਰਬਪਤੀ ਇਰਵਿਨ ਸਿੰਘ ਬ੍ਰੈਚ ਯੈੱਸ ਬੈਂਕ ਨੂੰ ਬਚਾਉਣ ਵਿਚ ਜੁਟੇ ਹਨ ਅਤੇ ਉਹਨਾਂ ੮੬੦੦ ਕਰੋੜ ਦੇ ਨਿਵੇਸ਼ ਦਾ ਫੈਸਲਾ ਲਿਆ ਹੈ। ਯੈਸ ਬੈਂਕ ਨੂੰ ਬਚਾਉਣ ਵਿਚ ਜੁਟੇ ਇਸ ਅਰਬਪਤੀ ਦੀ ਕਹਾਣੀ ਕਾਫ਼ੀ ਦਿਲਚਸਪ ਹੈ।
ਇੰਟਰਵਿਊ ਅਤੇ ਕੋਰਟ ਰਿਕਾਰਡ ਤੋਂ ਇਲਾਵਾ ਮੁਕੱਦਮੇ, ਦਿਵਾਲੀਆਪਨ ਅਤੇ ਵਿਵਾਦਤ ਕਾਰੋਬਾਰੀ ਸਮਝੌਤੇ ਵੀ ਇਰਵਿਨ ਸਿੰਘ ਦੇ ਹਿੱਸੇ ਵਿਚ ਹਨ। ਉਹਨਾਂ ਕੋਲ ਅਪਣੇ ਪੈਸੇ ਦਾ ਪ੍ਰਬੰਧ ਕਰਨ ਲਈ ਕੋਈ ਹੈੱਡਕੁਆਰਟਰ ਨਹੀਂ ਹੈ, ਕੋਈ ਬੈਂਕਰ ਨਹੀਂ ਹੈ ਅਤੇ ਫਿਲਹਾਲ ਉਹ ਕੈਨੇਡਾ ਦੇ ਥ੍ਰੀ ਸਟਾਰ ਮੋਟੈਲ ਵਿਚ ਰਹਿ ਰਹੇ ਹਨ। ਇਰਵਿਨ ਸਿੰਘ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਭਾਰਤੀ ਮੂਲ ਦੇ ਕੈਨੇਡੀਅਨ ਉਦਯੋਗਪਤੀ ਇਰਵਿਨ, ਇਰਵਿਨ ਬ੍ਰੈਚ ਗਰੁੱਪ ਆਫ ਕੰਪਨੀਜ਼ ਐਂਡ ਟਰਸਟ ਦੇ ਸੰਸਥਾਪਕ ਹਨ। ਉਹਨਾਂ ਦੇ ਪਿਤਾ ਹਰਮਨ ਸਿੰਘ ਸਾਲ ੧੯੨੭ ਵਿਚ ਭਾਰਤ ਛੱਡ ਕੇ ਕੈਨੇਡਾ ਚਲੇ ਗਏ ਸੀ। ਪਿਤਾ ਦੀ ਮੌਤ ਤੋਂ ਬਾਅਦ ਇਰਵਿਨ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਕੇ ਅਪਣੇ ਪਰਿਵਾਰਕ ਬਿਜ਼ਨਸ ਨੂੰ ਸੰਭਾਲਿਆ ਸੀ।
੫੮ ਸਾਲਾ ਇਰਵਿਨ ਸਿੰਘ ਨੇ ਅਪਣੇ ਆਪ ਨੂੰ ਦਿਵਾਲੀਆ ਕਰਾਰ ਦਿੱਤੇ ਜਾਣ ‘ਤੇ ਕੈਨੇਡਾ ਸਰਕਾਰ ਨਾਲ ੧੪ ਸਾਲ ਤੱਕ ਇਕ ਕੇਸ ਵੀ ਲੜਿਆ ਸੀ ਅਤੇ ਕੇਸ ਵਿਚ ਜਿੱਤ ਵੀ ਹਾਸਲ ਕੀਤੀ ਸੀ। ਸਿਰਫ਼ ਇੰਨਾ ਹੀ ਨਹੀਂ ਇਸ ਕੇਸ ਦੌਰਾਨ ਉਹਨਾਂ ਦੇ ਕਈ ਅੰਤਰਰਾਸ਼ਟਰੀ ਯਾਤਰਾਵਾਂ ‘ਤੇ ਜਾਣ ‘ਤੇ ਵੀ ਪਾਬੰਦੀ ਲਗਾਈ ਗਈ ਸੀ।ਇਰਵਿਨ ਸਿੰਘ ਬ੍ਰੈਚ ਬ੍ਰਿਟਿਸ਼ ਕੋਲੰਬੀਆ ਵਿਚ ਵੱਡੇ ਹੋਏ। ਉਹ ਮੂਲ ਰੂਪ ਵਿਚ ਪੰਜਾਬ ਦੇ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਅਪਣੇ ਪਰਿਵਾਰ ਦੇ ਛੇ ਬੱਚਿਆਂ ਵਿਚ ਸਭ ਤੋਂ ਵੱਡੇ ਹਨ। ਉਹਨਾਂ ਦੇ ਪਿਤਾ ਹਰਮਨ ਸਥਾਨਕ ਇੰਡੋ-ਕੈਨੇਡੀਅਨ ਭਾਈਚਾਰੇ ਵਿਚ ਕਾਫੀ ਮਸ਼ਹੂਰ ਸਨ। ਬ੍ਰੈਚ ਦੇ ਪਿਤਾ ਨੇ ੧੪ ਸਾਲ ਦੀ ਉਮਰ ਵਿਚ ਭਾਰਤ ਛੱਡ ਦਿੱਤਾ ਸੀ। ਬ੍ਰੈਚ ਦੇ ਪਿਤਾ ਦਾ ੧੯੭੬ ਵਿਚ ਦੇਹਾਂਤ ਹੋ ਗਿਆ ਸੀ। ਦੱਸ ਦਈਏ ਕਿ ਯੈੱਸ ਬੈਂਕ ਕੈਨੇਡਾ ਦੇ ਅਰਬਪਤੀ ਇਰਵਿਨ ਸਿੰਘ ਬ੍ਰੈਚ ਦਾ ਨਿਵੇਸ਼ ਠੁਕਰਾ ਸਕਦਾ ਹੈ। ਇਸ ਖ਼ਬਰ ਦਾ ਅਸਰ ਬੈਂਕ ਦੇ ਸ਼ੇਅਰਾਂ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਹਫ਼ਤੇ ਦੇ ਦੂਜੇ ਦਿਨ ਕਾਰੋਬਾਰ ਵਿਚ ੨ ਫੀਸਦੀ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।