ਦੁਨੀਆਂ ਦੇ ਸਭ ਤੋਂ ਪਹਿਲੇ ਕਮਰਸ਼ੀਅਲ ਈ-ਜਹਾਜ਼ ਨੇ ਕੈਨੇਡਾ ‘ਚ ਉਡਾਣ ਭਰੀ

0
993

ਵੈਨਕੂਵਰ: ਦੁਨੀਆਂ ਦੇ ਪਹਿਲੇ ਇਲੈਕਟ੍ਰਿਕ ਕਮਰਸ਼ੀਅਲ ਜਹਾਜ਼ ਨੇ ਮੰਗਲਵਾਰ ਨੂੰ ਪਹਿਲੀ ਉਡਾਣ ਭਰੀ। ਜਹਾਜ਼ ਨੇ ਸਵੇਰੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਨੇੜੇ ਫਰੇਜ਼ਰ ਦਰਿਆ ਉਪਰ ਉਡਾਣ ਭਰੀ ਅਤੇ ਜਹਾਜ਼ ੧੫ ਮਿੰਟ ਤੋਂ ਘੱਟ ਸਮੇਂ ‘ਚ ਹੇਠਾਂ ਉਤਰ ਆਇਆ। ਜਹਾਜ਼ ਲਿਥੀਅਮ ਬੈਟਰੀ ਪਾਵਰ ਨਾਲ ਕਰੀਬ ੧੦੦ ਮੀਲ ਤੱਕ ਉੱਡ ਸਕਦਾ ਹੈ। ਸਿਆਟਲ ਆਧਾਰਿਤ ਇੰਜਨੀਅਰਿੰਗ ਕੰਪਨੀ ਮੈਗਨੀਐਕਸ ਦੇ ਮੁੱਖ ਕਾਰਜਕਾਰੀ ਰੋਈ ਗਨਜ਼ਾਰਸਕੀ ਨੇ ਕਿਹਾ ਕਿ ਪ੍ਰੀਖਣ ਤੋਂ ਸਾਬਿਤ ਹੋ ਗਿਆ ਹੈ ਕਿ ਕਮਰਸ਼ੀਅਲ ਏਵੀਏਸ਼ਨ ‘ਚ ਇਲੈਕਟ੍ਰਿਕ ਤਕਨੀਕ ਚੱਲ ਸਕਦੀ ਹੈ।
ਕੰਪਨੀ ਨੇ ਜਹਾਜ਼ ਦੀ ਮੋਟਰ ਡਿਜ਼ਾਈਨ ਕੀਤੀ ਹੈ ਅਤੇ ਹਾਰਬਰ ਏਅਰ ਨਾਲ ਮਿਲ ਕੇ ਕੰਮ ਕੀਤਾ ਹੈ, ਜੋ ਵੈਨਕੂਵਰ ਤੋਂ ੫ ਲੱਖ ਮੁਸਾਫ਼ਰਾਂ ਨੂੰ ਹਰ ਸਾਲ ਸਕੀਅ ਰਿਜ਼ੌਰਟ ਅਤੇ ਹੋਰ ਨੇੜਲੇ ਟਾਪੂਆਂ ‘ਤੇ ਲੈ ਜਾਂਦੀ ਹੈ। ਗਨਜ਼ਾਰਸਕੀ ਨੇ ਕਿਹਾ ਕਿ ਇਹ ਇਲੈਕਟ੍ਰਿਕ ਏਵੀਏਸ਼ਨ ਯੁੱਗ ਦੀ ਸ਼ੁਰੂਆਤ ਹੈ।