ਵੈਨਕੂਵਰ ‘ਚ ਸੜਕ ਹਾਦਸੇ ‘ਚ ਪੰਜਾਬੀ ਟੈਕਸੀ ਡਰਾਈਵਰ ਦੀ ਮੌਤ

0
1083

ਐਬਟਸਫੋਰਡ: ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਵਾਪਰੇ ਸੜਕ ਹਾਦਸੇ ‘ਚ ਪੰਜਾਬੀ ਟੈਕਸੀ ਡਰਾਈਵਰ ਸਨੇਹਪਾਲ ਸਿੰਘ ਰੰਧਾਵਾ ਦੀ ਮੌਤ ਹੋ ਗਈ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਵੈਨਕੂਵਰ ਦੀ ਯੈਲੋ ਕੈਬ ਟੈਕਸੀ ਕੰਪਨੀ ਦਾ ੨੮ ਸਾਲਾ ਚਾਲਕ ਸਨੇਹਪਾਲ ਸਿੰਘ ਸਵਾਰੀਆਂ ਲੈ ਕੇ ਜਾ ਰਿਹਾ ਸੀ ਕਿ ਫਸਟ ਐਵੇਨਿਊ ਤੇ ਰੈਨਫਰਿਊ ਸਟਰੀਟ ਦੇ ਚੌਰਸਤੇ ‘ਤੇ ਸਮਾਰਟ ਕਾਰ ਦੇ ਡਰਾਈਵਰ ਨੇ ਸਨੇਹਪਾਲ ਦੀ ਟੈਕਸੀ ਨੂੰ ਬਰਾਬਰ ਤੋਂ ਟੱਕਰ ਮਾਰ ਦਿੱਤੀ।
ਟੈਕਸੀ ਤੇ ਕਾਰ ਦੇ ਦੋਵੇਂ ਚਾਲਕਾਂ ਤੇ ਦੋ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਸਨੇਹਪਾਲ ਦੀ ਮੌਤ ਹੋ ਗਈ ਤੇ ਸਮਾਰਟ ਕਾਰ ਦਾ ੨੦ ਸਾਲਾ ਡਰਾਈਵਰ ਗੰਭੀਰ ਜ਼ਖ਼ਮੀ ਹਾਲਤ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ
ਹੈ।
ਦੋਵੇਂ ਸਵਾਰੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਰਟ ਕਾਰ ਦੇ ਡਰਾਈਵਰ ਨੇ ਕਾਰ ੨ ਗੋ ਕੰਪਨੀ ਤੋਂ ਕਾਰ ਕਿਰਾਏ ‘ਤੇ ਲਈ ਸੀ ਤੇ ਉਸ ਨੇ ਪੁਲਿਸ ਵਲੋਂ ਲਾਏ ਨਾਕੇ ‘ਤੇ ਆਪਣੀ ਕਾਰ ਰੋਕਣ ਦੀ ਬਜਾਏ ਭਜਾ ਲਈ ਅਤੇ ਤੇਜ਼ੀ ਨਾਲ ਲਾਲ ਬੱਤੀ ਪਾਰ ਕਰ ਕੇ ਸਨੇਹਪਾਲ ਦੀ ਟੈਕਸੀ ਨੂੰ ਟੱਕਰ ਮਾਰ
ਦਿੱਤੀ।
ਹਾਦਸੇ ਸਮੇਂ ਸਮਾਰਟ ਕਾਰ ਦਾ ਡਰਾਈਵਰ ਸ਼ਰਾਬੀ ਸੀ। ਸਨੇਹਪਾਲ ਸਿੰਘ ਰੰਧਾਵਾ ਜ਼ਿਲ੍ਹਾ ਸੰਗਰੂਰ ਦੇ ਧੂਰੀ ਨੇੜਲੇ ਪਿੰਡ ਮੀਮਸਾ ਦੇ ਬਹਾਦਰ ਸਿੰਘ ਰੰਧਾਵਾ ਦਾ ਪੁੱਤਰ ਸੀ, ਉਹ ਬਹੁਤ ਹੀ ਮਿਹਨਤਕਸ਼ ਨੌਜਵਾਨ ਸੀ ਤੇ ੧੦ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਪੰਜਾਬ ਤੋਂ ਕੈਨੇਡਾ ਆਇਆ ਸੀ।
ਪਿੰਡ ਮੀਮਸਾ ‘ਚ ਸੋਗ: ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਸਨੇਹਪਾਲ ਵੈਟਰਨਟਰੀ ਵਿਭਾਗ ‘ਚ ਸੇਵਾਵਾਂ ਨਿਭਾਅ ਰਹੇ ਡਾ: ਬਹਾਦਰ ਸਿੰਘ ਮੀਮਸਾ ਦਾ ਬੇਟਾ ਸੀ। ਸਨੇਹਪਾਲ ਪੀ.ਆਰ. ਤੋਂ ਬਾਅਦ ਪੰਜਾਬ ‘ਚੋਂ ਵਿਆਹ ਕਰਵਾ ਕੇ ਗਿਆ ਸੀ।