ਯੂਕੇ ਦੀ ਸਿੱਖ ਕੌਂਸਲ ਵੱਲੋਂ ਢੱਡਰੀਆਂ ਵਾਲਾ ਦੇ ਪ੍ਰਚਾਰ ‘ਤੇ ਰੋਕ ਲਾਈ

0
2119

ਅੰਮ੍ਰਿਤਸਰ: ਇੰਗਲੈਂਡ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੌਂਸਲ ਨੇ ਆਪਣੇ ਪੱਧਰ ‘ਤੇ ਕਾਰਵਾਈ ਕਰਦਿਆਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਉਸ ਦੇ ਸਾਥੀ ਹਰਿੰਦਰ ਸਿੰਘ ਖਾਲਸਾ ਵਲੋਂ ਪ੍ਰਚਾਰ ਕੀਤੇ ਜਾਣ ‘ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਇਕ ਪੱਤਰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਭੇਜ ਦਿੱਤਾ ਗਿਆ ਹੈ।
ਇਹ ਖੁਲਾਸਾ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਸਿੱਖ ਕੌਂਸਲ ਵੱਲੋਂ ਇਸ ਸਬੰਧੀ ਜਾਰੀ ਕੀਤਾ ਇਕ ਪੱਤਰ ਵੀ ਮੀਡੀਆ ਨੂੰ ਜਾਰੀ ਕੀਤਾ ਹੈ। ਇਸ ਪੱਤਰ ਵਿਚ ਸਿੱਖ ਕੌਂਸਲ ਦੇ ਆਗੂਆਂ ਨੇ ਦੱਸਿਆ ਕਿ ਯੂਕੇ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ , ਵੈਸਟ ਬਰਾਇਚ ਵਿੱਚ ਸਿੱਖ ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਇਨ੍ਹਾਂ ਸਿੱਖ ਪ੍ਰਚਾਰਕਾਂ ਵਲੋਂ ਖਾਸ ਕਰਕੇ ਹਰਿੰਦਰ ਸਿੰਘ ਖਾਲਸਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਅਤੇ ਗੁਰਬਾਣੀ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਦਾ ਮਾਮਲਾ ਵਿਚਾਰਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਪ੍ਰਚਾਰ ਕਾਰਨ ਕੌਮ ਵਿਚ ਫੁੱਟ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੌਮ ਨੂੰ ਫੁੱਟ ਤੋਂ ਬਚਾਇਆ ਜਾਵੇ ਅਤੇ ਪ੍ਰਚਾਰਕ ਮਰਿਆਦਾ ਵਿਚ ਰਹਿਣ ਅਤੇ ਵਿਵਾਦਪੂਰਨ ਮੁੱਦਿਆਂ ਨੂੰ ਨਾ ਛੇੜਨ, ਜਿਸ ਨਾਲ ਕੌਮ ਵਿਚ ਫੁੱਟ ਪੈਂਦੀ ਹੈ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਇਕ ਅਜਿਹੀ ਕਮੇਟੀ ਬਣਾਈ ਜਾਵੇ, ਜੋ ਸਬੰਧਤ ਮੁੱਦਿਆਂ ਤੇ ਪ੍ਰਚਾਰਕਾਂ ਨਾਲ ਗੱਲਬਾਤ ਕਰੇ। ਇਸ ਦੌਰਾਨ ਮੀਟਿੰਗ ਵਿੱਚ ਮਤਾ ਪਾਸ ਕਰਕੇ ਦੋਵਾਂ ਸਿੱਖ ਪ੍ਰਚਾਰਕਾਂ ਦੇ ਪ੍ਰਚਾਰ ਕਰਨ ‘ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ
ਹੈ।
ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦੋਵਾਂ ਸਿੱਖ ਪ੍ਰਚਾਰਕਾਂ ਨੂੰ ਕਿਸੇ ਵੀ ਸਮਾਗਮ ਵਿਚ ਪ੍ਰਚਾਰ ਲਈ ਨਾ ਸੱਦਿਆ ਜਾਵੇ। ਉਨ੍ਹਾਂ ਗੁਰਦੁਆਰਾ ਕਮੇਟੀਆਂ ਨੂੰ ਵੀ ਆਖਿਆ ਕਿ ਇਨ੍ਹਾਂ ਨੂੰ ਕਿਸੇ ਵੀ ਪ੍ਰੋਗਰਾਮ ‘ਤੇ ਨਾ ਤਾਂ ਸੱਦਿਆ ਜਾਵੇ ਅਤੇ ਨਾ ਹੀ ਬੁਕ ਕੀਤਾ ਜਾਵੇ।