ਟਰੰਪ ਦੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਸੱਚੀ: ਟਰੂਡੋ

0
17

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬਣਾਉਣ ਦੀ ਗੱਲ ‘ਸੱਚ’ ਹੈ ਅਤੇ ਇਹ ਦੇਸ਼ ਦੇ ਖੁਸ਼ਹਾਲ ਕੁਦਰਤੀ ਸਰੋਤਾਂ ਨਾਲ ਜੁੜੀ ਹੋਈ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਹੈ। ਕੈਨੇਡਾ ਆਧਾਰਿਤ ਸਰਕਾਰੀ ਬਰਾਡਕਾਸਟਰ ਸੀਬੀਸੀ ਨੇ ਦੱਸਿਆ ਕਿ ਟਰੂਡੋ ਦੀਆਂ ਵਪਾਰ ਤੇ ਕਿਰਤੀ ਆਗੂਆਂ ਲਈ ਬੰਦ ਕਮਰੇ ਅੰਦਰ ਕੀਤੀਆਂ ਗਈਆਂ ਟਿੱਪਣੀਆਂ ਗਲਤੀ ਨਾਲ ਪ੍ਰਸਾਰਤ ਕਰ ਦਿੱਤੀਆਂ ਗਈਆਂ। ਸੀਬੀਸੀ ਅਨੁਸਾਰ ਟਰੂਡੋ ਨੇ ਮਾਈਕਰੋਫੋਨ ਕੱਟ ਹੋਣ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕੀ ਰਾਜ ਬਣਾਏ ਜਾਣ ਦੀ ਗੱਲ ਕਰਦਿਆਂ ਕਿਹਾ, ‘ਟਰੰਪ ਦੇ ਮਨ ’ਚ ਅਜਿਹਾ ਕਰਨ ਦਾ ਸਭ ਤੋਂ ਸੌਖਾ ਢੰਗ ਸਾਡੇ ਦੇਸ਼ ਨੂੰ ਆਪਣੇ ਮੁਲਕ ਵਿੱਚ ਸ਼ਾਮਲ ਕਰਨਾ ਹੈ ਅਤੇ ਇਹ ਬਿਲਕੁਲ ਸੱਚੀ ਗੱਲ ਹੈ।’ ਉਨ੍ਹਾਂ ਕਿਹਾ, ‘ਉਹ ਸਾਡੋ ਸਰੋਤਾਂ ਬਾਰੇ ਤੇ ਜੋ ਕੁਝ ਸਾਡੇ ਕੋਲ ਹੈ, ਉਸ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ ਇਸ ਤੋਂ ਲਾਭ ਉਠਾਉਣ ਦੇ ਸਮਰੱਥ ਹੋਣਾ ਚਾਹੁੰਦੇ ਹਨ।’ ਟਰੂਡੋ ਦੇ ਦਫ਼ਤਰ ਨੇ ਹਾਲਾਂਕਿ ਇਸ ਬਾਰੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਲਬਰਟਾ ਫੈਡਰੇਸ਼ਨ ਆਫ ਲੇਬਰ ਦੇ ਪ੍ਰਧਾਨ ਗਿਲ ਮੈੱਕਗੋਵੈਨ ਨੇ ਐਕਸ ’ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ‘ਹਾਂ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਨੁਮਾਨ ਹੈ ਕਿ ਟਰੰਪ ਅਸਲ ’ਚ ਜੋ ਚਾਹੁੰਦੇ ਹਨ, ਉਹ ਫੈਟੇਨਾਈਲ ਜਾਂ ਪਰਵਾਸ ਜਾਂ ਇੱਥੋਂ ਤੱਕ ਕਿ ਵਪਾਰ ਘਾਟੇ ’ਤੇ ਕਾਰਵਾਈ ਨਹੀਂ ਹੈ।’