ਕੈਨੇਡਾ ਦੇ ਟੂਰਿਸਟ ਵੀਜ਼ੇ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਖੈਰ ਨਹੀਂ

0
975

ਟੋਰਾਂਟੋ: ਕੈਨੇਡਾ ਦਾ ‘ਸਿੰਗਲ ਐਂਟਰੀ ਵੀਜ਼ਾ’ ਮਿਲਣ ‘ਤੇ ਵੀ ਪਰਿਵਾਰਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਕਰਦਾ ਸੀ ਪਰ ਤਿੰਨ ਕੁ ਸਾਲਾਂ ਤੋਂ ਕੈਨੇਡੀਅਨ ਅੰਬੈਸੀਆਂ ਵਲੋਂ ਲੰਬੇ ਸਮੇਂ ਦੇ ਯੋਗ ਵੀਜ਼ੇ ਲਗਾਤਾਰਤਾ ਨਾਲ ਜਾਰੀ ਕੀਤੇ ਗਏ, ਜਿਸ ਨਾਲ ਬਹੁਤ ਸਾਰੇ ਵੀਜ਼ਾ ਧਾਰਕਾਂ ਨੂੰ ਵਾਰ-ਵਾਰ ਕੈਨੇਡਾ ਜਾਣ ਦਾ ਨਿਵੇਕਲਾ ਮੌਕਾ ਮਿਲ ਗਿਆ। ਸੈਲਾਨੀਆਂ, ਕਾਰੋਬਾਰੀਆਂ ਜਾਂ ਫਿਰ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਲੰਬੇ ਸਮੇਂ ਦੇ ਯੋਗ ਵੀਜ਼ਾ ਵਿਚ ਪੰਜ ਸਾਲ ਤੇ ਦਸ ਸਾਲਾਂ ਦੇ ਵੀਜ਼ਾ ਜਾਂ ਫਿਰ ਪਾਸਪੋਰਟ ਦੀ ਮਿਆਦ ਤੱਕ ਯੋਗ ਵੀਜ਼ਾ ਸ਼ਾਮਿਲ ਹਨ। ਬੀਤੇ ਕੁਝ ਸਮੇਂ ਤੋਂ ਅਜਿਹੇ ਵੀਜ਼ੇ ਦੀ ਦੁਰਵਰਤੋਂ ਕਰਨ ਵਾਲੇ ਵੀਜ਼ਾ ਧਾਰਕਾਂ ਦੀ ਸ਼ਾਮਤ ਆਈ ਹੋਈ ਹੈ। ਵੀਜ਼ਾ ਦੀ ਦੁਰਵਰਤੋਂ ਕਾਰਨ ਉਨ੍ਹਾਂ ਨੂੰ ਕੈਨੇਡਾ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ ਬੇਰੰਗ ਵਾਪਸ ਮੁੜਨਾ ਪੈ ਰਿਹਾ ਹੈ, ਜਾਂ ਵੀਜ਼ਾ ਰੱਦ ਕਰਕੇ ਡਿਪੋਰਟ ਕੀਤਾ ਜਾਂਦਾ ਹੈ। ਇਸ ਰੁਝਾਨ ਦਾ ਸ਼ਿਕਾਰ ਬਹੁਤ ਸਾਰੇ ਦੇਸ਼ਾਂ ਦੇ ਲੋਕ ਹਨ, ਜਿਨ੍ਹਾਂ ਵਿਚ ਪੰਜਾਬੀਆਂ ਦੀ ਗਿਣਤੀ ਵੀ ਜ਼ਿਕਰਯੋਗ ਹੈ। ਇਥੋਂ ਤੱਕ ਕਿ ਯੂ.ਪੀ. ਤੇ ਪੰਜਾਬ ਤੋਂ ਕੈਨੇਡਾ ਵਿਚ ਕੀਰਤਨ ਕਰਨ ਦੀ ਤਿਆਰੀ ਕਰ ਕੇ ਪੁੱਜੇ ਦੋ ਰਾਗੀ ਸਿੰਘ ਵੀ ਮੋੜ ਦਿੱਤੇ, ਕਿਉਂਕਿ ਉਹ ਸੈਰ ਦਾ ਵੀਜ਼ਾ ਲਗਵਾ ਉਸ ਨੂੰ ਕੈਨੇਡਾ ਸਥਿਤ ਗੁਰਦੁਆਰਿਆਂ ਵਿਚ ਕੀਰਤਨ ਕਰਨ ਵਾਸਤੇ ਵਰਤ ਰਹੇ ਸਨ। ਇਸੇ ਤਰ੍ਹਾਂ ਦੋ ਪੰਜਾਬੀ ਜੋੜਿਆਂ ਨੂੰ ਵਾਪਸ ਮੁੜਨਾ ਪਿਆ, ਕਿਉਂਕਿ ਉਨ੍ਹਾਂ ਨੇ ਨਕਲੀ ਦਸਤਾਵੇਜ਼ਾਂ ਦੀ ਮਦਦ ਨਾਲ ਕੈਨੇਡਾ ਦਾ ਵੀਜ਼ਾ ਲਗਵਾਇਆ ਸੀ। ਵੱਡੀਆਂ ਮੁਸ਼ਕਲਾਂ ਵਿਚ ਉਹ ਵੀਜ਼ਾ ਧਾਰਕ ਘਿਰਦੇ ਹਨ, ਜੋ ਕੁਝ ਮਹੀਨਿਆਂ ਦੇ ਵਕਫੇ ਬਾਅਦ ਵਾਰ-ਵਾਰ ਕੈਨੇਡਾ ਫੇਰੀ ਪਾ ਰਹੇ ਹੋਣ, ਤੇ ਹਰੇਕ ਵਾਰ ਲਗਪਗ ਛੇ ਮਹੀਨੇ ਕੈਨੇਡਾ ਵਿਚ ਰਹਿਣ ਦਾ ਪ੍ਰੋਗਰਾਮ ਹੋਵੇ। ਦੋ-ਤਿੰਨ ਹਫਤਿਆਂ ਤੋਂ ਵੱਧ ਕੈਨੇਡਾ ਵਿਚ ਠਹਿਰਨ ਵਾਲੇ ਵੀਜ਼ਾ ਧਾਰਕਾਂ ਦੀ ਸਖ਼ਤ ਪੁੱਛਗਿੱਛ ਹੁੰਦੀ ਹੈ, ਤੇ ਸੈਰ ਬਹਾਨੇ ਡਾਲਰ ਕਮਾਉਣ ਦਾ ਭੇਦ ਖੁੱਲ੍ਹ ਜਾਂਦਾ ਹੈ। ਕੁਝ ਦਿਨ ਪਹਿਲਾਂ ਦਿੱਲੀ ਵਿਚ ਰਹਿੰਦੇ ਇਕ ਫੋਟੋਗ੍ਰਾਫਰ ਨੂੰ ਵੱਡੀ ਖੱਜਲ-ਖੁਆਰੀ ਤੋਂ ਬਾਅਦ ਬੇਰੰਗ ਵਾਪਸ ਪਰਤਣਾ ਪਿਆ ਸੀ।
ਉਹ ਕੈਨੇਡਾ ਦੇ ਦਸਾਂ ਸਾਲਾਂ ਵਾਲੇ ਵੀਜ਼ਾ ਨਾਲ ਓਥੇ ਜਾ ਕੇ ਵਿਆਹਾਂ ਦੀਆਂ ਵੀਡੀਓ ਤੇ ਤਸਵੀਰਾਂ ਖਿੱਚਣ ਦੇ ਕੰਮ ਰਾਹੀਂ ਡਾਲਰ ਕਮਾਉਂਦਾ ਫੜਿਆ ਹੋਇਆ ਸੀ। ਇਸੇ ਦੌਰਾਨ ਪਤਾ ਲੱਗਾ ਹੈ ਕਿ ਸ਼ੱਕੀ ਵੀਜ਼ਾ ਧਾਰਕਾਂ ਦਾ ਪਰਚਾ (ਵਿਜ਼ਟਰ ਰਿਕਾਰਡ) ਕੱਟਿਆ ਜਾਣਾ ਵੀ ਜਾਰੀ ਹੈ, ਜਿਸ ਵਿਅਕਤੀ ਦਾ ਪਰਚਾ ਕੱਟਿਆ ਜਾਵੇ, ਉਸ ਨੂੰ ਕੁਝ ਗਿਣਤੀ ਦੇ ਦਿਨ ਕੈਨੇਡਾ ਠਹਿਰਨ ਦੀ ਆਗਿਆ ਮਿਲਦੀ ਹੈ, ਤੇ ਮਿੱਥੀ ਤਰੀਕ ‘ਤੇ ਵਾਪਸ ਮੁੜਨਾ ਹੁੰਦਾ
ਹੈ।