ਸ਼ਹਿਰੀ ਸੁਰੱਖਿਆ ਸਭ ਤੋਂ ਅਹਿਮ: ਟੋਮ ਗਿੱਲ
ਮਿਉਂਸਪਲ ਪੁਲੀਸ ਲਈ ਰਾਇਸ਼ੁਮਾਰੀ ਅਤੇ ਸਰੀ ਪੁਲੀਸ ਬੋਰਡ ਦੀ ਸਥਾਪਨਾ ਕੀਤੀ ਜਾਵੇਗੀ
ਸਰੀ: ਸਰੀ ਸਿਟੀ ਕੌਂਸਲ ਚੋਣਾਂ ਲਈ ਮੈਦਾਨ ਵਿਚ ਆਈਆਂ ਵੱਖੋ-ਵੱਖ ਸਲੇਟਾਂ ਵੱਲੋਂ ਆਪਣਾ-ਆਪਣਾ ਚੋਣ ਏਜੰਡਾ ਤੇ ਪਲੇਟਫਾਰਮ ਲੈ ਕੇ ਲੋਕਾਂ ਵਿਚ ਪਹੁੰਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕੌਂਸਲਰ ਟੋਮ ਗਿੱਲ ਦੀ ਅਗਵਾਈ ਵਾਲੀ ਸਰੀ ਫਸਟ ਦੀ ਸਲੇਟ ਨੇ ਚੋਣ ਪ੍ਰਚਾਰ ਵਿਚ ਪਹਿਲਕਦਮੀ ਕਰਦਿਆਂ ਲੋਕਾਂ ਤਕ ਆਪਣੀ ਪਹੁੰਚ ਬਣਾਉਣੀ ਆਰੰਭੀ ਹੈ। ਇਸੇ ਤਹਿਤ ਸਰੀ ਫਸਟ ਵੱਲੋਂ ਮੇਅਰ ਉਮੀਦਵਾਰ ਟੋਮ ਗਿੱਲ ਨੇ ਸਰੀ ਵਾਸੀਆਂ ਸਾਹਮਣੇ ਆਪਣੀ ਟੀਮ ਦੇ ਮੈਂਬਰਾਂ ਸਮੇਤ ਸ਼ਹਿਰ ਦੀ ਸੁਰੱਖਿਆ ਦਾ ਏਜੰਡਾ ਲੋਕਾਂ ਸਾਹਮਣੇ ਪੇਸ਼ ਕੀਤਾ। ਸਿਟੀ ਹਾਲ ਦੇ ਵਿਹੜੇ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟੋਮ ਗਿੱਲ ਨੇ ਸਰੀ ਦੇ ਲੋਕਾਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦਿਆਂ ਸਥਾਨਕ ਪੁਲੀਸ ਫੋਰਸ ਦੀ ਸਥਾਪਨਾ ਲਈ ਰਾਇਸ਼ੁਮਾਰੀ ਕਰਵਾਉਣ, ਸਰੀ ਪੁਲੀਸ ਬੋਰਡ ਦੀ ਸਥਾਪਨਾ, ਹੈਂਡਗੰਨ ਉਪਰ ਪਾਬੰਧੀ, ੧੨੫ ਨਵੇਂ ਪੁਲੀਸ ਅਫਸਰ ਨਿਯੁਕਤ ਕਰਨ ਅਤੇ ਪੁਲੀਸ ਸੰਸਥਾਵਾਂ ਦਾ ਮੁਕੰਮਲ ਮੁਲਾਂਕਣ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸਥਾਨਕ ਪੁਲੀਸ ਦੀ ਸਥਾਪਨਾ ਅਤੇ ਆਰ ਸੀ ਐਮ ਪੀ ਨੂੰ ਰੱਖਣ ਜਾਂ ਨਾ ਰੱਖਣ ਬਾਰੇ ਚਰਚਾ ਚੱਲੀ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁੱਦੇ ਉਪਰ ਰਾਇਸ਼ੁਮਾਰੀ ਕਰਵਾਉਣ ਨੂੰ ਤਿਆਰ ਹਾਂ।ਅਗਰ ਅਸੀਂ ਪੁਲੀਸ ਪ੍ਰਬੰਧ ਵਿਚ ਕੋਈ ਤਬਦੀਲੀ ਚਾਹੁੰਦੇ ਹਾਂ ਤਾਂ ਹਰ ਸ਼ਹਿਰੀ ਨੂੰ ਇਸਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਕਿ ਸਰੀ ਵਿਚ ਆਪਣਾ ਪੁਲੀਸ ਬੋਰਡ ਸਥਾਪਿਤ ਕੀਤਾ ਜਾਵੇ। ਸਾਨੂੰ ਬੀ ਸੀ ਪੁਲੀਸ ਐਕਟ ਦੇ ਅਧੀਨ ਸਰੀ ਪੁਲੀਸ ਬੋਰਡ ਦੀ ਸਥਾਪਨਾ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਬੀ ਸੀ ਦੇ ਹੋਰ ਬੋਰਡਾਂ ਵਾਂਗ ਪੁਲੀਸ ਬੋਰਡ ਮੇਅਰ ਦੀ ਪ੍ਰਧਾਨਗੀ ਹੇਠ ਬਣੇਗਾ। ਜਿਸ ਵਿਚ ਕਮਿਊਨਿਟੀ ਵੱਲੋਂ ੪ ਸਾਲ ਦੀ ਟਰਮ ਲਈ ਪ੍ਰਤੀਨਿਧੀ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਲਈ ਬੱਚਿਆਂ, ਨੌਜਵਾਨਾਂ ਤੇ ਮਾਪਿਆਂ ਲਈ ਜਾਗਰੂਕਤਾ ਪ੍ਰੋਗਰਾਮ ਆਰੰਭ ਕਰਨ ਦੀ ਲੋੜ ਹੈ। ਉਨ੍ਹਾਂ ਦਾ ਇਹ ਮੱਤ ਹੈ ਕਿ ਹੈਂਡਗੰਨ ਉਪਰ ਮੁਕੰਮਲ ਪਾਬੰਧੀ ਹੋਣੀ ਚਾਹੀਦੀ ਹੈ। ਪਬਲਿਕ ਸੇਫਟੀ ਦਾ ਇਹ ਠੋਸ ਹੱਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਗਲੀ ਮੁਹੱਲਿਆਂ ਨੂੰ ਸੁਰੱਖਿਅਤ ਬਣਾਉਣ ਲਈ ਹੈਂਡਗੰਨ ਨੂੰ ਲੋਕਾਂ ਦੇ ਹੱਥਾਂ ਤੋਂ ਦੂਰ ਕਰਨਾ ਇਸਦਾ ਹੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਸਟਰੇਲੀਆ ਵਿਚ ਪੋਰਟ ਆਰਥਤ ਸਾਮੂਹਿਕ ਹੱਤਿਆ ਕਾਂਡ ਵਿਚ ੩੫ ਵਿਅਕਤੀ ਮਾਰੇ ਗਏ ਸਨ, ਉਪਰੰਤ ਆਸਟਰੇਲੀਆ ਸਰਕਾਰ ਨੇ ਗੰਨ ਰੱਖਣ ਉਪਰ ਪਾਬੰਦੀ ਲਗਾ ਦਿਤੀ ਸੀ।