ਸਰੀ ‘ਚ ਤਿੰਨ ਪੰਜਾਬੀਆਂ ਸੁੱਖ, ਹਰਪ੍ਰੀਤ ਤੇ ਗਿੱਲ ਵਿਚਕਾਰ ਫਸਣਗੇ ਸਿੰਗ

0
1221

ਵੈਨਕੂਵਰ: ਕੈਨੇਡਾ ‘ਚ ਅਕਤੂਬਰ ਮਹੀਨੇ ਹੋਣ ਵਾਲੀਆਂ ਫੈਡਰਲ ਚੋਣਾਂ ਨੂੰ ਲੈ ਕੇ ਸਰੀ ਨਿਊਟਨ ਤੋਂ ਤਿੰਨ ਪੰਜਾਬੀ ਆਹਮੋ ਸਾਹਮਣੇ ਚੋਣ ਅਖਾੜੇ ‘ਚ ਨਿੱਤਰ ਆਏ ਹਨ। ਸੱਤਾਧਾਰੀ ਲਿਬਰਲ ਪਾਰਟੀ, ਵਿਰੋਧੀ ਧਿਰ ਤੋਂ ਕੰਜ਼ਰਵੇਟਿਵ ਪਾਰਟੀ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਤਿੰਨੋਂ ਪ੍ਰਮੁੱਖ ਪਾਰਟੀਆਂ ਦੇ ਉਮੀਦਰਵਾਰਾਂ ਨੇ ਕਮਰਕੱਸੇ ਕੱਸ ਲਏ ਹਨ। ਇਸ ਹਲਕੇ ਤੋਂ ਤਿੰਨਾਂ ਪਾਰਟੀਆਂ ਦੇ ਉਮੀਦਵਾਰ ਉੱਘੇ ਪੰਜਾਬੀ ਹਨ, ਜੋ ਆਪੋ ਆਪਣੀ ਪਾਰਟੀ ਲਈ ਇਹ ਸੀਟ ਜਿੱਤਣ ਵਾਸਤੇ ਪੱਬਾਂ ਭਾਰ ਹੋ ਗਏ ਹਨ।
ਲਿਬਰਲ ਪਾਰਟੀ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਜੋ ਕਿ ਇਸ ਤੋਂ ਪਹਿਲਾਂ ਵੀ ਇਸ ਸੀਟ ਤੋਂ ਸਾਂਸਦ ਰਹਿ ਚੁੱਕੇ ਹਨ। ਇਸ ਵਾਰ ਫਿਰ ਮੈਦਾਨ ‘ਚ ਹਨ। ਉਹ ਸਿਆਸਤ ‘ਚ ਪੂਰੀ ਤਰ੍ਹਾਂ ਮਜ਼ਬੂਤ ਨਜ਼ਰ ਆ ਰਹੇ ਹਨ ਅਤੇ ਚੋਣ ਜਿੱਤਣ ਦੇ ਤਰੀਕਿਆਂ ਤੋਂ ਪੂਰੀ ਤਰ੍ਹਾਂ ਵਾਕਿਫ਼ ਹਨ। ਕੰਜ਼ਰਵੇਟਿਵ ਪਾਰਟੀ ਵੱਲੋਂ ਉੱਘੇ ਪੱਤਰਕਾਰ ਟੀਵੀ ਪ੍ਰੋਗਰਾਮ ਸੰਚਾਲਕ ਹਰਪ੍ਰੀਤ ਸਿੰਘ ਮੈਦਾਨ ‘ਚ ਹਨ ਜੋ ਪਿਛਲੀਆਂ ੨੦੧੫ ਦੀਆਂ ਚੋਣਾਂ ਦੌਰਾਨ ਸੁੱਖ ਧਾਲੀਵਾਲ ਤੋਂ ਭਾਵੇਂ ਹਾਰ ਗਏ ਸਨ ਪਰ ਇਸ ਵਾਰ ਫਿਰ ਤੋਂ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਅਖਾੜੇ ‘ਚ ਮੁੜ ਨਿੱਤਰੇ ਹਨ। ਉਹ ਇਸ ਗੱਲ ਤੋਂ ਲਾਹਾ ਵੀ ਲੈ ਸਕਦੇ ਹਨ ਕਿ ਇਸ ਵਾਰ ਹਵਾ ਬਦਲਦੀ ਨਜ਼ਰ ਆ ਰਹੀ ਹੈ, ਜਿਸ ਕਰਕੇ ਉਹ ਜਿੱਤ ਵੱਲ ਵਧ ਰਹੇ ਹਨ। ਨਿਊ ਡੈਮੋਕਰੇਟਿਕ ਪਾਰਟੀ (ਐੱਨਡੀਪੀ) ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਨੇ ਸਰੀ ਤੋਂ ਚਲਦੇ ਪ੍ਰਸਿੱਧ ਰੇਡੀਓ ਦੇ ਸੰਚਾਲਕ ਹਰਜੀਤ ਸਿੰਘ ਗਿੱਲ ਨੂੰ ਆਪਣੀ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਹੈ।
ਹਰਜੀਤ ਸਿੰਘ ਗਿੱਲ ਸਿਆਸਤ ‘ਚ ਭਾਵੇਂ ਨਵੇਂ ਹਨ ਪਰ ਲੰਬੇ ਸਮੇਂ ਤੋਂ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਹੋਣ ਕਾਰਨ ਉਨ੍ਹਾਂ ਦੀ ਕਾਫ਼ੀ ਪ੍ਰਸਿੱਧੀ ਹੈ ਅਤੇ ਉਹ ਹਰ ਰੋਜ਼ ਰੇਡੀਓ ਪ੍ਰੋਗਰਾਮਾਂ ‘ਚ ਸਿਆਸਤ ਅਤੇ ਸਿਆਸਤਦਾਨਾਂ ਬਾਰੇ ਪੜਚੋਲ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਟਾਕ ਸ਼ੋਅ ਕਰਦੇ ਹੋਣ ਕਾਰਨ ਸਿਆਸਤ ਬਾਰੇ ਡੂੰਘੀ ਜਾਣਕਾਰੀ ਰੱਖਦੇ ਹਨ। ਜਿਸ ਦਾ ਉਹ ਲਾਹਾ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਸੀਟ ਤੋਂ ਐੱਨਡੀਪੀ ਦੀ ਜਿੰਨੀ ਸਿਮਜ ਵੀ ਮੈਂਬਰ ਪਾਰਲੀਮੈਂਟ ਚੁਣੀ ਜਾ ਚੁੱਕੀ ਹੈ ਜਿਸ ਕਰਕੇ ਐੱਨਡੀਪੀ ਉਮੀਦਵਾਰ ਗਿੱਲ ਇਸ ਦਾ ਵੀ ਫ਼ਾਇਦਾ ਉਠਾ ਸਕਦੇ ਹਨ।
ਹਰਪ੍ਰੀਤ ਸਿੰਘ ਆਪਣੇ ਇਲਾਕੇ ‘ਚ ਕਾਫ਼ੀ ਅਸਰ ਰਸੂਖ ਰੱਖਦਾ ਹੈ। ਹਰਜੀਤ ਸਿੰਘ ਗਿੱਲ ਦਾ ਵੀ ਇਲਾਕੇ ‘ਚ ਚੰਗਾ ਪ੍ਰਭਾਵ ਹੈ ਜਦੋਂ ਕਿ ਸੁੱਖ ਧਾਲੀਵਾਲ ਮੌਜੂਦਾ ਐੱਮਪੀ ਹਨ। ਤਿੰਨੋਂ ਉਮੀਦਵਾਰ ਇਕ ਦੂਜੇ ਨੂੰ ਕਾਂਟੇ ਦੀ ਟੱਕਰ ਦੇਣਗੇ।