ਜਿੱਤ ਕੈਨੇਡਾ ਵਿਚ ਹੋਈ ਤੇ ਢੋਲ ਸੁੱਖ ਦੇ ਘਰ ਵੱਜੇ

0
1374

ਜਗਰਾਓਂ: ਸੁੱਖ ਧਾਲੀਵਾਲ ਦੇ ਚੌਥੀ ਵਾਰ ਕੈਨੇਡਾ ‘ਚ ਐੱਮਪੀ ਚੁਣੇ ਜਾਣ ‘ਤੇ ਉਨਾਂ ਦੇ ਪਿੰਡ ਸੂਜਾਪੁਰ ‘ਚ ਜਸ਼ਨ ਦਾ ਮਾਹੌਲ ਹੈ। ਭਾਵੇਂ ਧਾਲੀਵਾਲ ਦਾ ਕੋਈ ਵੀ ਪਰਿਵਾਰਕ ਮੈਂਬਰ ਪਿੰਡ ਨਹੀਂ ਰਹਿੰਦਾ ਪਰ ਪਿੰਡ ਦੇ ਹਰੇਕ ਵਿਅਕਤੀ ਨੇ ਉਨਾਂ ਦੀ ਜਿੱਤ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਭੰਗੜਾ ਪਾਇਆ। ਇਸ ਦੌਰਾਨ ਪਿੰਡ ‘ਚ ਲੱਡੂ ਵੰਡੇ ਗਏ ਤੇ ਸੁੱਖ ਧਾਲੀਵਾਲ ਨੂੰ ਫੋਨ ‘ਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਜਦ ਵੀ ਉਹ ਪਿੰਡ ਆਉਂਦੇ ਹਨ ਤਾਂ ਉਹ ਜ਼ਿਆਦਾਤਰ ਸਮਾਂ ਪਿੰਡ ਵਾਸੀਆਂ ਨਾਲ ਹੀ ਬਿਤਾਉਂਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਧਾਲੀਵਾਲ ਦੇ ਮਿਲਾਪੜੇ ਸੁਭਾਅ, ਹਰੇਕ ਦੇ ਸੁੱਖ-ਦੁੱਖ ‘ਚ ਸ਼ਰੀਕ ਹੋਣ ਤੇ ਕੈਨੇਡਾ ਰਹਿੰਦੇ ਹੋਏ ਪਿੰਡ ਨੂੰ ਨਾ ਭੁੱਲਣ ਕਾਰਨ ਉਹ ਲੋਕਾਂ ‘ਚ ਹਰਮਨ ਪਿਆਰੇ ਹਨ। ਫੈੱਡਰੇਸ਼ਨ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪਿੰਡ ਵਾਸੀਆਂ ਨਾਲ ਖੁਸ਼ੀ ਸਾਂਝੀ ਕੀਤੀ। ਉਨਾਂ ਕਿਹਾ ਕਿ ਸੁੱਖ ਧਾਲੀਵਾਲ ਵੱਲੋਂ ਕੈਨੇਡਾ ਦੀ ਪਾਰਲੀਮੈਂਟ ‘ਚ ਸਿੱਖਾਂ ਦੀ ਨਸਲਕੁਸ਼ੀ ਲਈ ਲਿਆਂਦਾ ਮਤਾ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਵੱਲੋਂ ਸਿੱਖ ਤਿਉਹਾਰਾਂ ਅਤੇ ਸਿੱਖ ਕਕਾਰਾਂ ਦੀ ਹਮਾਇਤ ‘ਚ ਲਏ ਫੈਸਲਿਆਂ ‘ਚ ਧਾਲੀਵਾਲ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨਾਂ ਦੀ ਜਿੱਤ ਨਾਲ ਕੈਨੇਡਾ ‘ਚ ਵਸਦਾ ਪੰਜਾਬੀ ਭਾਈਚਾਰਾ ਕਾਫੀ ਰਾਹਤ ਮਹਿਸੂਸ ਕਰ ਰਿਹਾ ਹੈ।