ਨਮ ਅੱਖਾਂ ਨਾਲ ਕੀਤਾ ਸ਼ੀਲਾ ਦੀਕਸ਼ਤ ਦਾ ਅੰਤਮ ਸਸਕਾਰ

0
1335

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ (81) ਦਾ ਅੱਜ ਅੰਤਮ ਸਸਕਾਰ ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਕੀਤਾ ਗਿਆ। ਉਨ੍ਹਾਂ ਦੇ ਅੰਤਮ ਸਸਕਾਰ ਸਮੇਂ ਹਜ਼ਾਰਾਂ ਲੋਕ ਮੌਜੂਦ ਸਨ। ਉਨ੍ਹਾਂ ਦੇ ਅੰਤਮ ਸੰਸਕਾਰ ਵਿਚ ਕਾਂਗਰਸ, ਭਾਜਪਾ, ਆਪ ਸਮੇਤ ਸਿਆਸੀ ਦਲਾਂ ਦੇ ਦਿੱਗਜ਼ ਨੇਤਾ ਸ਼ਾਮਲ ਹੋਏ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ੀਲਾ ਦੀਕਸ਼ਤ ਦੇ ਅੰਤਮ ਸੰਸਕਾਰ ‘ਚ ਸ਼ਾਮਲ ਹੋਏ। ਸ਼ੀਲਾ ਦੀ ਅੰਤਮ ਵਿਦਾਈ ਦੇ ਸਮੇਂ ਸਮਰਥਕਾਂ ਨੇ ‘ਜਦੋਂ ਤਕ ਸੂਰਜ ਚਾਂਦ ਰਹੇਗਾ, ਸ਼ੀਲਾ ਜੀ ਦਾ ਨਾਮ ਰਹੇਗਾ’ ਦੇ ਨਾਅਰੇ ਲਾਏ। ਭਾਰੀ ਬਾਰਿਸ਼ ਦੇ ਬਾਵਜੂਦ ਲੋਕ ਸ਼ੀਲਾ ਦੀਕਸ਼ਤ ਨੂੰ ਅੰਤਮ ਵਿਦਾਈ ਦੇਣ ਲਈ ਪੁੱਜੇ।
ਇਸ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਦੀ ਮ੍ਰਿਤਕ ਦੇਹ ਨੂੰ ਕਾਂਗਰਸ ਦੇ ਦਿੱਲੀ ਸਥਿਤ ਮੁੱਖ ਦਫ਼ਤਰ ‘ਚ ਅੰਤਮ ਦਰਸ਼ਨ ਲਈ ਰੱਖਿਆ ਗਿਆ ਸੀ। ਜਿਥੇ ਸੋਨੀਆ ਗਾਂਧੀ, ਪ੍ਰਿਅੰਕਾ ਵਾਡਰਾ ਗਾਂਧੀ, ਕਮਲਨਾਥ ਸਮੇਤ ਕਈ ਆਗੂਆਂ ਅਤੇ ਹੋਰ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੋਨੀਆ ਗਾਂਧੀ ਨੇ ਕਿਹਾ, “ਸ਼ੀਲਾ ਮੇਰੀ ਵੱਡੀ ਭੈਣ ਅਤੇ ਦੋਸਤ ਸੀ। ਅੱਜ ਮੈਂ ਆਪਣਾ ਦੋਸਤ ਗੁਆ ਦਿੱਤਾ ਹੈ।”