ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ

0
1854

ਜਲੰਧਰ: ਸ਼੍ਰੋਮਣੀ ਗੁਰ-ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ੫੫੦ਵੇਂ ਪ੍ਰਕਾਸ਼ ਪੁਰਬ ਦੇ ਚੱਲ ਰਹੇ ਸਮਾਗਮਾਂ ਦੌਰਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਗੁਰੂ ਨਾਨਕ ਸਟੇਡੀਅਮ ‘ਚ ਸਜੇ ਪੰਡਾਲ ‘ਚ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਮੂਲੀਅਤ ਕੀਤੀ।
ਸਨਮਾਨਿਤ ਕੀਤੀਆਂ ਸ਼ਖ਼ਸੀਅਤਾਂ ‘ਚ ਅਲੱਗ ਸ਼ਬਦ ਯਗ ਟਰੱਸਟ ਦੇ ਡਾ. ਸਰੂਪ ਸਿੰਘ ਅਲੱਗ, ਸੁਕ੍ਰਿਤ ਟਰੱਸਟ ਦੇ ਸਰਬਜੀਤ ਸਿੰਘ ਰੇਣੂਕਾ, ਸਿੱਖ ਮਿਸ਼ਨਰੀ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ, ਬੀਬੀ ਕੌਲਾਂ ਜੀ ਭਲਾਈ ਟਰੱਸਟ ਦੇ ਭਾਈ ਗੁਰਇਕਬਾਲ ਸਿੰਘ, ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼ ਤੋਂ ਭਾਈ ਹਰਸਿਮਰਨ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਹਰਭਜਨ ਸਿੰਘ, ਸਤਿਨਾਮੁ ਸਰਬ ਕਲਿਆਣ ਟਰੱਸਟ ਤੋਂ ਹਰਦਿਆਲ ਸਿੰਘ ਅਤੇ ਸੁਖਮਨੀ ਸੇਵਾ ਸੁਸਾਇਟੀ ਲੁਧਿਆਣਾ ਦੇ ਕੰਵਲਜੀਤ ਸਿੰਘ ਆਦਿ ਸ਼ਾਮਲ ਹਨ।