ਦੁਨੀਆਂ ਦੀ ਸਭ ਤੋਂ ਛੋਟੀ ਪ੍ਰਧਾਨ ਮੰਤਰੀ ਬਣ ਕੇ ਸਨਾ ਮਰੀਨ ਨੇ ਰਚਿਆ ਇਤਿਹਾਸ

0
1780

ਫਿਨਲੈਂਡ ਦੀ ਸੋਸ਼ਲ ਡੇਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ। ਮਰੀਨ ਨੇ ਐਤਵਾਰ ਨੂੰ ਹੋਈਆਂ ਵੋਟਾਂ ਜਿੱਤ ਕੇ ਲੀਡਰ ਐਂਟੀ ਰਿਨੇ ਦਾ ਸਥਾਨ ਲਿਆ ਹੈ, ਜਿਨ੍ਹਾਂ ਨੇ ਡਾਕ ਹੜਤਾਲ ਤੋਂ ਨਜਿੱਠਣ ਨੂੰ ਲੈ ਕੇ ਗਠਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਸਨਾ ਮਰੀਨ ਦੁਨੀਆਂ ਦੀ ਸਭ ਤੋਂ ਨੌਜਵਾਨ ਰਾਸ਼ਟਰ ਮੁਖੀ ਬਣ ਗਈ ਹੈ। ਉਹਨਾਂ ਤੋਂ ਬਾਅਦ ਯੂਕ੍ਰੇਨ ਦੇ ਪ੍ਰਧਾਨ ਮੰਤਰੀ ਓਲੇਕਸੀ ਹੋਨਚਾਰੂਕ 35 ਸਾਲ ਦੇ ਹਨ। ਸਨਾ ਮਰੀਨ ਨੇ ਅਪਣੇ ਉਮਰ ਸਬੰਧੀ ਸਵਾਲਾਂ ‘ਤੇ ਕਿਹਾ, ‘ਮੈਂ ਕਦੀ ਅਪਣੀ ਉਮਰ ਜਾਂ ਔਰਤ ਹੋਣ ਬਾਰੇ ਨਹੀਂ ਸੋਚਿਆ। ਮੈ ਕੁਝ ਕਾਰਨਾਂ ਕਰਕੇ ਸਿਆਸਤ ਵਿਚ ਆਈ ਹਾਂ ਅਤੇ ਇਹਨਾਂ ਚੀਜ਼ਾਂ ਲਈ ਮੈਂ ਵੋਟਿੰਗ ਦਾ ਵਿਸ਼ਵਾਸ ਜਿੱਤਿਆ ਹੈ’। ਸਨਾ ਮਰੀਨ ਨੇ ਸਿਰਫ਼ 27 ਸਾਲ ਦੀ ਉਮਰ ਵਿਚ ਹੀ ਸਰਗਰਮ ਸਿਆਸਤ ਵਿਚ ਕਦਮ ਰੱਖ ਦਿੱਤਾ ਸੀ। ਉਹਨਾਂ ਦਾ ਬਚਪਨ ਕਾਫ਼ੀ ਮੁਸ਼ਕਲਾਂ ਭਰਿਆ ਰਿਹਾ ਹੈ। ਆਰਥਕ ਤੰਗੀ ਦੇ ਕਾਰਨ ਸਨਾ ਅਪਣੇ ਪਰਿਵਾਰ ਵਿਚ ਹਾਈ ਸਕੂਲ ਪਾਸ ਕਰਨ ਵਾਲੀ ਪਹਿਲੀ ਮੈਂਬਰ ਸੀ। ਸਨਾ ਦਾ ਪਾਲਣ-ਪੋਸ਼ਣ ਸਿੰਗਲ ਮਦਰ ਨੇ ਕੀਤਾ ਹੈ। ਉਹਨਾਂ ਦੀ ਮਾਂ ਦੇ ਕਿਸੇ ਹੋਰ ਮਹਿਲਾ ਨਾਲ ਸਬੰਧ ਸੀ ਅਤੇ ਉਹਨਾਂ ਨੇ ਉਸੇ ਮਹਿਲਾ ਨਾਲ ਵਿਆਹ ਕੀਤਾ ਸੀ। ਬਾਅਦ ਵਿਚ ਉਹ ਦੋਵੇਂ ਅਲੱਗ ਹੋ ਗਏ। ਦੱਸ ਦਈਏ ਕਿ ਸਨਾ ਮਰੀਨ ਵਿਆਹੁਤਾ ਹੈ ਅਤੇ ਉਹਨਾਂ ਦੀ ਇਕ ਛੋਟੀ ਜਿਹੀ ਬੱਚੀ ਵੀ ਹੈ। ਪੀਐਮ ਬਣਨ ਤੋਂ ਪਹਿਲਾਂ ਸਨਾ ਫਿਨਲੈਂਡ ਦੀ ਸੋਸ਼ਲ ਡੈਮੋਕ੍ਰੇਟ ਪਾਰਟੀ ਦੀ ਸਰਕਾਰ ਵਿਚ ਆਵਾਜਾਈ ਮੰਤਰੀ ਰਹਿ ਚੁੱਕੀ ਹੈ।