ਇਸ ਵਾਰ ਦੀਆਂ ਚੋਣਾਂ ਵਿਚ 20 ਪੰਜਾਬੀ ਚੜ੍ਹ ਸਕਦੇ ਹਨ ਕੈਨੇਡਾ ਪਾਰਲੀਮੈਂਟ ਦੀਆਂ ਪੌੜੀਆਂ

0
1123

ਵੈਨਕੂਵਰ: ਕੈਨੇਡਾ ਦੀਆਂ ਲੋਕ ਸਭਾ ਚੋਣਾਂ ਲਈ ੩੩੮ ਸੀਟਾਂ ‘ਤੇ ੨੦੧੫ ਵਿਚ ਹੋਈਆਂ ਚੋਣਾਂ ਦੌਰਾਨ ਪੰਜਾਬੀ ਮੂਲ ਦੇ ੧੮ ਐਮ.ਪੀ. ਚੁਣੇ ਗਏ ਸਨ, ਜਿਨ੍ਹਾਂ ਵਿਚੋਂ ੧੬ ਲਿਬਰਲ ਪਾਰਟੀ ਅਤੇ ੨ ਕੰਜ਼ਰਵੇਟਿਵ ਪਾਰਟੀ ਦੇ ਸਨ। ਇਸ ਵਾਰ ਲੋਕ ਸਭਾ ਚੋਣਾਂ ੪੩ਵੀਂ ਪਾਰਲੀਮੈਂਟ ਲਈ ੨੧ ਅਕਤੂਬਰ ੨੦੧੯ ਨੂੰ ਹੋਣ ਜਾ ਰਹੀਆਂ ਹਨ, ਜਿਸ ਦੇ ਮੱਦੇ ਨਜ਼ਰ ਸਿਆਸੀ ਪਾਰਟੀਆਂ ਵਲੋਂ ਹੁਣੇ ਤੋਂ ਚੋਣ ਪ੍ਰਚਾਰ ਅਤੇ ਹੋਰ ਤਿਆਰੀਆਂ ਵਿੱਢ ਦਿੱਤੀਆਂ ਹਨ। ਅੱਜ ਤੱਕ ਦੇ ਸਰਵੇ ਮੁਤਾਬਕ ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਵਿਚਕਾਰ ਹੋਵੇਗਾ। ਮੌਜੂਦਾ ਪਾਰਲੀਮੈਂਟ ਵਿਚ ਪੰਜਾਬੀ ਮੂਲ ਦੇ ਦਰਸ਼ਨ ਸਿੰਘ ਕੰਗ ਕੈਲਗਰੀ ਅਤੇ ਰਾਜ ਸਿੰਘ ਗਰੇਵਾਲ ਬਰੈਂਪਟਨ ਈਸਟ ਤੋਂ ਚੋਣ ਨਹੀਂ ਲੜ ਰਹੇ। ਤੀਸਰੇ ਪੰਜਾਬੀ ਉਮੀਦਵਾਰ ਦੀਪਕ ਉਬਰਾਏ ਕੰਜ਼ਰਵੇਟਿਵ ਪਾਰਟੀ ਦੇ ਐਡਮਿੰਟਨ ਤੋਂ ਐਮ.ਪੀ. ਸਨ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ।
ਇਨ੍ਹਾਂ ਚੋਣਾਂ ਵਿਚ ਇਸ ਵਾਰ ਐਨ.ਡੀ.ਪੀ. ਦੇ ਜਗਮੀਤ ਸਿੰਘ ਕੁਝ ਮਹੀਨੇ ਪਹਿਲਾਂ ਹੀ ਪਾਰਲੀਮੈਂਟ ਦੀ ਚੋਣ ਜਿੱਤੇ ਸਨ ਤੇ ਦੁਬਾਰਾ ਫਿਰ ਇਨ੍ਹਾਂ ਚੋਣਾਂ ਵਿਚ ਉਹ ਪਾਰਟੀ ਲੀਡਰ ਦੇ ਤੌਰ ‘ਤੇ ਚੋਣ ਮੈਦਾਨ ਵਿਚ ਹਨ। ਇਸ ਵਾਰ ਜਾਪਦਾ ਹੈ ਕਿ ਪੰਜਾਬੀ ਐਮ.ਪੀ. ਲਿਬਰਲ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਦੇ ਨਾਲ-ਨਾਲ ਐਨ.ਡੀ.ਪੀ. ਦੇ ਪੰਜਾਬੀ ਐਮ.ਪੀ. ਵੀ ਚੁਣੇ ਜਾਣ ਦੀ ਸੰਭਾਵਨਾ ਹੈ। ਇਕ ਸਰਵੇ ਮੁਤਾਬਕ ਨਵੀਂ ਪਾਰਲੀਮੈਂਟ ਵਿਚ ੨੦ ਪੰਜਾਬੀ ਐਮ.ਪੀ. ਚੁਣੇ ਜਾਣ ਦੀ ਉਮੀਦ ਹੈ।
ਇਨ੍ਹਾਂ ਚੋਣਾਂ ਵਿਚ ੩੯ ਐਮ.ਪੀ. ਚੋਣ ਮੈਦਾਨ ਵਿਚ ਨਹੀਂ ਹਨ ਜਿਨ੍ਹਾਂ ਵਿਚੋਂ ੬ ਦੀ ਮੌਤ ਹੋ ਚੁੱਕੀ ਹੈ। ਪੰਜਾਬੀ ਮੂਲ ਦੇ ਚਾਰੋ ਮੰਤਰੀ ਚੋਣ ਮੈਦਾਨ ਵਿਚ ਹਨ।
ਬਰੈਂਪਟਨ ਈਸਟ ਤੋਂ ਰਾਜ ਗਰੇਵਾਲ ਦੀ ਥਾਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਅਤੇ ਦਰਸ਼ਨ ਕੰਗ ਦੀ ਥਾਂ ਕੈਲਗਰੀ ਸਕਾਈਵਿਊ ਹਲਕੇ ਤੋਂ ਲਿਬਰਲ ਦੀ ਜਗਦੀਪ ਕੌਰ ਸਹੋਤਾ ਲਿਬਰਲ ਉਮੀਦਵਾਰ ਹਨ, ਜਿਨ੍ਹਾਂ ਦਾ ਮੁਕਾਬਲਾ ਪੀ.ਸੀ. ਪਾਰਟੀ ਦੇ ਹਰਿੰਦਰ ਸਿੰਘ ਢਿੱਲੋਂ ਨਾਲ ਹੋਵੇਗਾ। ਸਰਵੇਖਣ ਅਨੁਸਾਰ ਪੀ.ਸੀ. ਪਾਰਟੀ ੩੪.੧ ਫੀਸਦ ਅਤੇ ਲਿਬਰਲ ਪਾਰਟੀ ੩੩.੨ ਫੀਸਦ ਵੋਟਾਂ ਹਾਸਲ ਕਰਨ ਦੀ ਸਥਿਤੀ ‘ਤੇ ਚੱਲ ਰਹੀਆਂ ਹਨ।