ਵਿਆਹਾਂ ਵਿਚਲੀ ਫ਼ਜ਼ੂਲ ਖਰਚੀ ਨੇ ਪੰਜਾਬੀਆਂ ਨੂੰ ਕਰਜਾਈ ਕੀਤਾ

0
1755

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਪੂਰੀ ਤਰ੍ਹਾਂ ਬੰਦ ਹੋਣ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਸਬੱਬ ਬਣ ਹੀ ਗਿਆ। ਇਸੇ ਤਰ੍ਹਾਂ ਪਾਕਿਸਤਾਨ ਦੇ ਹਰ ਗੱਲ ਵਿੱਚ ਨੁਕਸ ਲੱਭਣ ਨਾਲ ਹੀ ਕੰਮ ਨਹੀਂ ਚੱਲਦਾ, ਕਿਸੇ ਚੰਗੀ ਚੀਜ਼ ਤੋਂ ਸੇਧ ਵੀ ਲਈ ਜਾ ਸਕਦੀ ਹੈ। ਤਮਾਮ ਕਮੀਆਂ, ਕਮਜ਼ੋਰੀਆਂ ਦੇ ਬਾਵਜੂਦ ਲਹਿੰਦੇ ਪੰਜਾਬ ਦੀ ਸਰਕਾਰ ਨੇ ਸਮਾਜਿਕ ਸਮਾਗਮਾਂ ‘ਤੇ ਹੋਣ ਵਾਲਾ ਅੰਨ੍ਹੇਵਾਹ ਖਰਚ ਰੋਕਣ ਲਈ ਕਾਨੂੰਨ ਬਣਾਇਆ ਹੋਇਆ ਹੈ। ਇਸ ਪੰਜਾਬ ਨੂੰ ਵੀ ਉਸੇ ਤਰ੍ਹਾਂ ਦਾ ‘ਗੈਸਟ ਕੰਟਰੋਲ ਆਰਡਰ’ ਲਾਗੂ ਕਰਨ ਦੀ ਲੋੜ ਹੈ।
ਲਹਿੰਦੇ ਪੰਜਾਬ ਦੀ ਸਰਕਾਰ ਨੇ ੧੯ ਜਨਵਰੀ ੨੦੧੬ ਦਾ ਪੰਜਾਬ ਮੈਰਿਜ ਫੰਕਸ਼ਨਜ਼ ਆਰਡੀਨੈਂਸ ਜਾਰੀ ਕਰਕੇ ਇੱਕ ਡਿਸ਼ ਪ੍ਰਣਾਲੀ ਲਾਗੂ ਕੀਤੀ ਹੈ। ਕੋਈ ਵੀ ਸਮਾਗਮਾਂ ਵਿੱਚ ਦਰਜਨਾਂ ਤਰ੍ਹਾਂ ਦੇ ਪਕਵਾਨ ਨਹੀਂ ਬਣਵਾ ਸਕਦਾ। ਮਹਿਮਾਨਾਂ ਦੀ ਗਿਣਤੀ ਦੀ ਹੱਦ ਵੀ ਤੈਅ ਕਰ ਦਿੱਤੀ ਹੈ। ਇਸ ਦਾ ਉਲੰਘਣ ਕਰਨ ਵਾਲਿਆਂ ਨੂੰ ਇੱਕ ਮਹੀਨੇ ਤੱਕ ਦੀ ਕੈਦ ਅਤੇ ਪੰਜਾਹ ਹਜ਼ਾਰ ਤੋਂ ਵੀਹ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਵੱਲੋਂ ਮਜਬੂਰਨ ਕੀਤਾ ਜਾ ਰਿਹਾ ਪ੍ਰਵਾਸ, ਨਸ਼ੇ ਦੀ ਦਲਦਲ ਵਿੱਚ ਫਸੀ ਜਵਾਨੀ ਅਤੇ ਕਾਨੂੰਨ ਦੇ ਰਾਜ ਦੀਆਂ ਉੱਡਦੀਆਂ ਧੱਜੀਆਂ ਵਰਗੇ ਮਾਹੌਲ ਵਿੱਚ ਵੀ ਵਿਆਹਾਂ ਅਤੇ ਸਮਾਗਮਾਂ ‘ਤੇ ਸ਼ਾਹਾਨਾ ਖਰਚ ਕਰ ਕੇ ਅਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ? ਭਾਈਚਾਰਕ ਸਾਂਝ ਟੁੱਟ ਜਾਣ ਕਾਰਨ ਭੀੜ ਵਿੱਚ ਇਕਲਾਪਾ ਝੱਲ ਰਿਹਾ ਮਨੁੱਖ ਆਪੇ ਤੋਂ ਟੁੱਟ ਚੁੱਕਾ ਹੈ। ਇਸ ਦੇ ਬਾਵਜੂਦ ਸਮਾਗਮਾਂ ‘ਤੇ ਹਜ਼ਾਰਾਂ ਦੀਆਂ ਭੀੜਾਂ ਜੁਟਾਈਆਂ ਜਾਂਦੀਆਂ ਹਨ। ਇਹ ਦੋਵੇਂ ਪੱਖ ਸੰਕੇਤ ਦੇ ਰਹੇ ਹਨ ਕਿ ਸਮਾਜ ਅੰਦਰੋਂ ਖੋਖਲਾ ਪਰ ਬਾਹਰੀ ਦਿੱਖ ਵਜੋਂ ਮਜਬੂਤ ਹੋਣ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੌਧਿਕ ਕੰਗਾਲੀ ਹਮੇਸ਼ਾਂ ਬੁਰਛਾਗਰਦੀ ਅਤੇ ਹੋਛੇਪਣ ਨੂੰ ਜਨਮ ਦਿੰਦੀ ਹੈ। ਵਿਆਹ ਹੁਣ ਪਰਿਵਾਰਾਂ ਦਾ ਮੇਲ ਨਹੀਂ ਬਲਕਿ ਕੁੜੀ ਵੱਲੋਂ ਕੀਤੀ ਗਈ ਆਈਲੈਟਸ ਅਤੇ ਮੁੰਡੇ ਵਾਲੇ ਦੇ ਖਰਚ ਦੀ ਕੰਟਰੈਕਟ ਮੈਰਿਜ ਹੈ। ਇੱਥੇ ਜਜ਼ਬਾਤ ਨਹੀਂ ਬਲਕਿ ਭਵਿੱਖ ਵਿੱਚ ਆਰਥਿਕ ਟਿਕਾਊਪਣ ਦੀ ਚਿੰਤਾ ਦਾ ਹੱਲ ਤਲਾਸ਼ਣ ਦੀ ਕੋਸ਼ਿਸ਼ ਜ਼ਿਆਦਾ ਹੈ।
ਵਾਤਾਵਰਨ ਦਾ ਏਜੰਡਾ ਦੁਨੀਆਂ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਹੈ। ਸਮਾਜਿਕ ਸਮਾਗਮਾਂ ‘ਤੇ ਭੋਜਨ ਅਤੇ ਪਾਣੀ ਦੀ ਹੋ ਰਹੀ ਬਰਬਾਦੀ ‘ਤੇ ਦਸੰਬਰ ੨੦੧੮ ਨੂੰ ਸੁਪਰੀਮ ਕੋਰਟ ਨੇ ਚਿੰਤਾ ਪ੍ਰਗਟ ਕੀਤੀ ਅਤੇ ਦਿੱਲੀ ਸਰਕਾਰ ਨੂੰ ਕੋਈ ਨੀਤੀ ਬਣਾਉਣ ਲਈ ਕਿਹਾ। ਇਸ ਤੋਂ ਪਹਿਲਾਂ ਦੇਸ਼ ਵਿੱਚ ਸਮਾਜਿਕ ਸਮਾਗਮ ਵਿੱਚ ਭੋਜਨ ਦੀ ਹੋ ਰਹੀ ਦੁਰਗਤੀ ਦਾ ਅਨੁਮਾਨ ਲਗਾਉਣ ਲਈ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਦੇ ਸੈਂਟਰ ਫਾਰ ਕੰਜ਼ਿਊਮਰ ਸਟੱਡੀ ਤੋਂ ਇੱਕ ਅਧਿਐਨ ਕਰਵਾਇਆ ਗਿਆ ਹੈ। ਸਾਲ ੨੦੧੨ ਵਿੱਚ ਸਾਹਮਣੇ ਆਈ ਇਸ ਰਿਪੋਰਟ ਅਨੁਸਾਰ ਦੇਸ਼ ਦੇ ੪੬ ਫੀਸਦ ਬੱਚੇ ਕਮਜ਼ੋਰ ਪੈਦਾ ਹੋ ਰਹੇ ਹਨ, ਘੱਟ ਵਜ਼ਨੀ ਹਨ ਅਤੇ ਵੱਡੀ ਆਬਾਦੀ ਦੋ ਡੰਗ ਦੀ ਰੋਟੀ ਤਰਸ ਰਹੀ ਹੈ। ਇਸ ਦੇ ਬਾਵਜੂਦ ਵੱਡੇ ਸਮਾਜਿਕ ਸਮਾਗਮਾਂ ‘ਤੇ ੨੫ ਫੀਸਦ ਤੱਕ ਭੋਜਨ ਬਰਬਾਦ ਹੁੰਦਾ ਹੈ। ਰਿਪਰੋਟ ਅਨੁਸਾਰ ਬਹੁਤ ਸਾਰੇ ਸ਼ਾਹਾਨਾ ਵਿਆਹਾਂ ਵਿੱਚ ਦਸ ਹਜ਼ਾਰ ਤੱਕ ਦਾ ਇਕੱਠ ਹੁੰਦਾ ਹੈ ਅਤੇ ੩੦੦ ਤੋਂ ੩੫੦ ਵੰਨਗੀਆਂ ਦਾ ਖਾਣਾ ਪਰੋਸਿਆ ਜਾਂਦਾ ਹੈ। ਇਸ ਨੂੰ ਸਮਾਜਿਕ ਅਪਰਾਧ ਮੰਨਦਿਆਂ ਕਦਮ ਉਠਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਰਿਪੋਰਟ ਦਾ ਇਹ ਵੀ ਕਹਿਣਾ ਹੈ ਕਿ ਅਮੀਰੀ ਦਾ ਮੁਜ਼ਾਹਰਾ ਕਰਨ ਦੀ ਸ਼ਹਿਰਾਂ ਅੰਦਰੋਂ ਸ਼ੁਰੂ ਹੋਈ ਇਸ ਰਵਾਇਤ ਦਾ ਅਸਰ ਪਿੰਡਾਂ ਤੱਕ ਵੀ ਪਹੁੰਚ ਗਿਆ ਹੈ। ਇਸ ਵਰਤਾਰੇ ਦੇ ਪੰਜਾਬ ਵਿੱਚ ਭਿਆਨਕ ਅਸਰ ਪੈ ਰਹੇ ਹਨ। ਖੇਤੀ ਦੇ ਘਾਟੇਵੰਦਾ ਸੌਦਾ ਬਣ ਜਾਣ ਨਾਲ ਕਿਸਾਨ ਨੂੰ ਆਪਣਾ ਸਮਾਜਿਕ ਰੁਤਬਾ ਬਰਕਰਾਰ ਰੱਖਣ ਦਾ ਸੰਕਟ ਉਸ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਨਤੀਜਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਾਧੇ ਦੇ ਰੂਪ ਵਿੱਚ ਸਾਹਮਣੇ ਹੈ।
ਸਿਆਸੀ ਖੇਤਰ ਵਿੱਚ ਵੱਡੇ ਏਜੰਡੇ ਦੇ ਰੂਪ ਵਿੱਚ ਪੇਸ਼ਕਾਰੀ ਅਹਿਮ ਹੈ ਅਤੇ ਨਾਲ ਦੀ ਨਾਲ ਟੁੱਟ ਰਹੀਆਂ ਭਾਈਚਾਰਕ ਤੰਦਾਂ ਮਜ਼ਬੂਤ ਕਰਦਿਆਂ ਸੰਕਟ ਮੌਕੇ ਕੁੱਝ ਐਮਰਜੈਂਸੀ ਕਦਮ ਚੁੱਕਣ ਦੀ ਲੋੜ ਹੈ। ਇਕੱਲੇ ਇਕੱਲੇ ਤੌਰ ‘ਤੇ ਘੁਟ ਕੇ ਮਰ ਜਾਣ ਨਾਲੋਂ ਸਮਾਜ ਸੁਧਾਰ ਦੀ ਮੁਹਿੰਮ ਰਾਹੀਂ ਵਿਆਹਾਂ, ਮਰਗਤਾਂ ਅਤੇ ਹੋਰ ਸਮਾਗਮਾਂ ਨੂੰ ਸਬਰ ਸੰਤੋਖ ਅਤੇ ਸੰਜਮ ਵਾਲੇ ਪਾਸੇ ਮੋੜਾ ਦੇਣਾ ਅਣਸਰਦੀ ਲੋੜ ਹੈ।
ਇਸ ਮੌਕੇ ਸਿਆਸੀ, ਧਾਰਮਿਕ ਅਤੇ ਸਮਾਜਿਕ ਖੇਤਰ ਚੋਂ ਰੋਲ ਮਾਡਲਾਂ ਦੀ ਕਮੀ ਦਾ ਖਲਾਅ ਬੌਧਿਕ ਕੰਗਾਲੀ ਦਾ ਪ੍ਰਤੀਕ ਹੈ। ਚੌਰਾਹੇ ਖੜ੍ਹੇ ਪੰਜਾਬ ਨੂੰ ਇਸ ਮੌਕੇ ਖੜ੍ਹ ਕੇ ਸੋਚਣ ਅਤੇ ਚਿੰਤਨ ਮਨਨ ਕਰ ਕੇ ਕਦਰਾਂ ਕੀਮਤਾਂ ਆਧਾਰਿਤ ਸਮਾਜਿਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਬਹੁਤ ਸਾਰੇ ਲੋਕ ਇਹ ਦਲੀਲ ਦਿੰਦੇ ਹਨ ਕਿ ਹਰ ਪਰਿਵਾਰ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਸੁਣਨ ਨੂੰ ਇਹ ਦਲੀਲ ਠੀਕ ਵੀ ਲਗਦੀ ਹੈ ਪਰ ਕੀ ਵੱਡੀ ਚਾਦਰ ਰੱਖਣ ਵਾਲਿਆਂ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ?
ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਆਂਢੀ ਦੇ ਸੱਥਰ ਵਿਛਿਆ ਹੋਵੇ ਤਾਂ ਲੋਕ ਆਪਣੀਆਂ ਬਰਾਤਾਂ ਦਾ ਢੋਲ ਢਮੱਕਾ ਵੀ ਬੰਦ ਕਰ ਲੈਂਦੇ ਰਹੇ ਹਨ। ਇਸ ਲਈ ਸਭ ਤੋਂ ਪਹਿਲਾਂ ਆਰਥਿਕ ਤੌਰ ‘ਤੇ ਸੌਖੇ ਲੋਕਾਂ ਨੂੰ ਬੇਲਗਾਮ ਖਰਚਿਆਂ ਵਾਲੇ ਸਮਾਗਮਾਂ ‘ਤੇ ਰੋਕ ਲਗਾਉਣ ਦੀ ਲੋੜ ਹੈ। ਇਸ ਨਾਲ ਦੂਸਰਿਆਂ ਨੂੰ ਹੌਸਲਾ ਮਿਲੇਗਾ।