ਅਮਰੀਕਾ ਨੇ 929 ਭਾਰਤੀਆਂ ਨੂੰ ਵਾਪਸ ਭੇਜਿਆ

0
1070

ਜਲੰਧਰ: ਅਮਰੀਕਾ ਨੇ ਗੈਰਕਾਨੂੰਨੀ ਤੌਰ ‘ਤੇ ਆਉਣ ਵਾਲਿਆਂ ਵਿਰੁੱਧ ਸਿਕੰਜ਼ਾ ਕੱਸ ਦਿੱਤਾ ਹੈ। ਲੰਘੇ ਸੱਤ ਮਹੀਨਿਆਂ ਵਿੱਚ ੯੨੯ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ ਜਿਨ੍ਹਾਂ ਵਿੱਚ ੪੨ ਔਰਤਾਂ ਵੀ ਸ਼ਾਮਲ ਹਨ। ਇਹ ਕਾਰਵਾਈ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਕਰਕੇ ਕੀਤੀ ਗਈ ਹੈ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਵਿਭਾਗ ਵੱਲੋਂ ਸੂਚਨਾ ਦੀ ਆਜ਼ਾਦੀ ਐਕਟ (ਐਫ.ਓ.ਆਈ.ਏ) ਤਹਿਤ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਅਮਰੀਕਾ ਦੇ ਵਿੱਤੀ ਸਾਲ ੨੦੧੪ ਤੋਂ ਹੁਣ ਤਕ ਸੰਯੁਕਤ ਰਾਜ ਅਮਰੀਕਾ ਵੱਲੋਂ ਦੇਸ਼ ਤੋਂ ਬਾਹਰ ਕੱਢੇ ਜਾਣ ਵਾਲੇ ਭਾਰਤੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਸੀ ਜਿਸ ਵਿੱਚ ੬ ਔਰਤਾਂ ਸਣੇ ਸਿਰਫ ੮੭ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਵਿੱਤੀ ਸਾਲ ੨੦੧੫ ਵਿਚ ਸਿਰਫ ੨੦੨ ਮਰਦ ਅਤੇ ਭਾਰਤੀ ਮੂਲ ਦੇ ੨੨ ਔਰਤਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਵਿੱਤੀ ਸਾਲ ੨੦੧੬ ਵਿਚ ਸਿਰਫ ੧੦੨ ਪੁਰਸ਼ ਅਤੇ ਇਕ ਔਰਤ, ਵਿੱਤੀ ਸਾਲ ੨੦੧੭ ਵਿਚ ੩੪੩ ਮਰਦ ਅਤੇ ੧੫ ਔਰਤਾਂ ਅਤੇ ਵਿੱਤੀ ਸਾਲ ੨੦੧੮ ਵਿਚ ੩੨੩ ਮਰਦ ਅਤੇ ੧੮ ਔਰਤਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਨ੍ਹਾਂ ਕੱਢੇ ਗਏ ਭਾਰਤੀਆਂ ਵਿੱਚ ਪੰਜਾਬੀ ਕਿੰਨੇ ਸਨ ਇਸ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ। ਜਾਣਕਾਰੀ ਅਨੁਸਾਰ ਅਮਰੀਕਾ ਨੇ ੧੯੯੦ ਤੋਂ ਅਣਅਧਿਕਾਰਤ ਪਰਵਾਸੀਆਂ ਨੂੰ ਵਾਪਸ ਭੇਜਣ ਦੇ ਮਾਮਲੇ ‘ਚ ਤੇਜ਼ੀ ਲਿਆਂਦੀ ਹੈ। ਯੂਐਸ-ਮੈਕਸਿਕੋ ਸਰਹੱਦ ‘ਤੇ ਕੀਤੀਆਂ ਗਈਆਂ ਗ੍ਰਿਫਤਾਰੀਆਂ ਦਾ ਅੰਕੜਾ ਵਿੱਤੀ ਸਾਲ ੨੦੧੯ ਦੌਰਾਨ ਕੁੱਲ ੧੦ ਲੱਖ ਦੇ ਅੰਕੜਿਆਂ ਤੱਕ ਪਹੁੰਚਣ ਦੀ ਸੰਭਾਵਨਾ ਦੱਸੀ ਜਾ ਰਹੀ
ਹੈ।
ਬਹੁਤ ਸਾਰੇ ਭਾਰਤੀ ਮੂਲ ਦੇ ਗੈਰਕਾਨੂੰਨੀ ਪਰਵਾਸੀ ਲਾਤੀਨੀ ਅਮਰੀਕਾ ਵਿਚੋਂ ਲੰਘਦੇ ਸਨ, ਜੋ ਕਿ ਬਹੁਤ ਖਤਰਨਾਕ ਰਸਤੇ ਹਨ ਜਿੱਥੇ ਅਕਸਰ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ। ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੌਰਾਨ ਦੇਸ਼ ਨਿਕਾਲੇ ਦੀ ਦਰ ਓਬਾਮਾ ਪ੍ਰਸ਼ਾਸਨ ਨਾਲੋਂ ਘੱਟ ਦੱਸੀ ਜਾ ਰਹੀ ਹੈ। ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਸਾਲ ੨੦੧੬ ਵਿੱਚ ਚੋਣ ਜਿੱਤਣ ਤੋਂ ਬਾਅਦ ਹੀ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਆਏ ਲੋਕਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।