ਲਗਪਗ ਸੌ ਸਾਲ ਪਹਿਲਾਂ ਜਿਸ ਦੇਸ਼ ਨੇ ਪੰਜਾਬੀਆਂ ਨੂੰ ਆਪਣੀ ਜ਼ਮੀਨ ‘ਤੇ ਪੈਰ ਨਹੀਂ ਸੀ ਰੱਖਣ ਦਿੱਤਾ, ਹੁਣ ਉਸ ਦੇਸ਼ ਦੀ ਸਰਕਾਰ ਪੰਜਾਬੀਆਂ ਦੀ ਬਦੌਲਤ ਬਣਨ ਜਾ ਰਹੀ ਹੈ। ਕੈਨੇਡਾ ਦੀਆਂ ਆਮ ਚੋਣਾਂ ‘ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਕੁੱਲ ੩੩੮ ‘ਚੋਂ ੧੫੭ ਸੀਟਾਂ ਮਿਲੀਆਂ ਹਨ ਅਤੇ ੧੮ ਪੰਜਾਬੀ ਸੰਸਦ ਮੈਂਬਰ ਚੁਣੇ ਗਏ ਹਨ।
ਜਿੱਤਣ ਵਾਲੇ ਸਭ ਤੋਂ ਜ਼ਿਆਦਾ ਪੰਜਾਬੀ ਲਿਬਰਲ ਪਾਰਟੀ ਦੇ ਹਨ। ਟਰੂਡੋ ਦੀ ਪਿਛਲੀ ਸਰਕਾਰ ਵਿਚ ਵੀ ੫ ਕੈਬਨਿਟ ਮੰਤਰੀ ਪੰਜਾਬੀ ਸਨ। ਲਿਬਰਲ ਪਾਰਟੀ ਦੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ ੧੨੧, ਬਲਾਕ ਕਿਊਬਿਕ ਨੂੰ ੩੨, ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ੨੪ ਅਤੇ ਗਰੀਨ ਪਾਰਟੀ ਨੂੰ ੩ ਸੀਟਾਂ ਹਾਸਲ ਹੋਈਆਂ ਹਨ।
ਸ਼ੁਰੂ ਤੋਂ ਹੀ ਪੰਜਾਬੀਆਂ ਦਾ ਝੁਕਾਅ ਕੈਨੇਡਾ ਦੀਆਂ ਦੋ ਸਿਆਸੀ ਪਾਰਟੀਆਂ ਵੱਲ ਰਿਹਾ ਹੈ- ਐੱਨਡੀਪੀ (ਨਿਊ ਡੈਮੋਕ੍ਰੇਟਿਕ ਪਾਰਟੀ ਆਫ ਕੈਨੇਡਾ) ਤੇ ਲਿਬਰਲ ਪਾਰਟੀ ਆਫ ਕੈਨੇਡਾ। ਐੱਨਡੀਪੀ ਖੱਬੇ-ਪੱਖੀ ਪਾਰਟੀ ਹੈ ਅਤੇ ਲਿਬਰਲ ਸੈਂਟਰ ਦੀ ਪਾਰਟੀ ਹੈ। ਫੈਡਰਲ ਚੋਣਾਂ ‘ਚ ਪੰਜਾਬੀ ਜ਼ਿਆਦਾਤਰ ਲਿਬਰਲ ਪਾਰਟੀ ਨੂੰ ਹੀ ਵੋਟ ਪਾਉਂਦੇ ਰਹੇ ਹਨ ਅਤੇ ਸੂਬਾਈ ਚੋਣਾਂ ਵਿਚ ਐੱਨਡੀਪੀ ਨੂੰ। ਐੱਨਡੀਪੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਪੰਜਾਬੀਆਂ ਅਤੇ ਹੋਰ ਘੱਟ ਗਿਣਤੀ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕਦੀ ਰਹੀ ਹੈ।
ਪੰਜਾਬੀ ਭਾਈਚਾਰੇ ਦਾ ਇਸ ਪਾਰਟੀ ਨਾਲ ਰਿਸ਼ਤਾ ਵੀ ਕਾਫ਼ੀ ਗੂੜ੍ਹਾ ਹੈ। ਪਿਛਲੇ ਕੁਝ ਸਾਲਾਂ ‘ਚ ਐੱਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਕਾਫ਼ੀ ਸ਼ੋਹਰਤ ਖੱਟੀ ਹੈ। ਉਹ ਇਕ ਸੂਝਵਾਨ ਆਗੂ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਏ ਹਨ। ਇਸ ਵਾਰ ਐੱਨਡੀਪੀ ਨੂੰ ੨੪ ਸੀਟਾਂ ਮਿਲੀਆਂ ਹਨ ਜੋ ੨੦੧੫ ਵਿਚ ੪੪ ਸਨ। ਪੰਜਾਬੀ ਭਾਈਚਾਰੇ ਵਿਚਲੇ ਕਾਂਗਰਸੀ ਤੇ ਕਮਿਊਨਿਸਟ ਵੀ ਐੱਨਡੀਪੀ ਦੀ ਹਮਾਇਤ ਕਰਦੇ ਰਹੇ ਹਨ ਪਰ ਹੁਣ ਪੰਜਾਬੀ ਵਪਾਰੀਆਂ ਦੀ ਵੱਡੀ ਗਿਣਤੀ ਅੰਦਰੋ-ਅੰਦਰੀ ਸੱਜੇ-ਪੱਖੀ ਪਾਰਟੀ ਕੰਜ਼ਰਵੇਟਿਵ ਦੀ ਮਦਦ ਕਰਦੀ ਹੈ।
ਕੈਨੇਡਾ ਦੀਆਂ ਲਗਪਗ ਸਾਰੀਆਂ ਹੀ ਪਾਰਟੀਆਂ ਵਿਚ ਪੰਜਾਬੀ ਅਹਿਮ ਭੂਮਿਕਾ ਅਦਾ ਕਰਦੇ ਹਨ। ਪੰਜਾਬੀਆਂ ਦਾ ਕੈਨੇਡਾ ਜਾਣ ਦਾ ਸਿਲਸਿਲਾ ਪਿਛਲੀ ਸਦੀ ਦੇ ਪਹਿਲੇ ਦਹਾਕੇ ਵਿਚ ਸ਼ੁਰੂ ਹੋਇਆ ਸੀ। ਸਾਲ ੧੯੦੪-੦੫ ਵਿਚ ਕੈਨੇਡਾ ਗਏ ਲਗਪਗ ਸਾਰੇ ਦੇ ਸਾਰੇ ਪੰਜਾਬੀ ਸਿੱਖ ਸਨ। ਬਹੁਤੇ ਇਨਾਂ ‘ਚੋਂ ਸਾਬਕਾ ਫ਼ੌਜੀ ਸਨ ਜਾਂ ਏਸ਼ੀਆ ਦੇ ਹੋਰ ਮੁਲਕਾਂ ‘ਚ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦੇ ਸਨ। ਫਿਰ ੧੯੦੮ ਵਿਚ ਜ਼ਿਆਦਾਤਰ ਲੋਕ ਪਿੰਡਾਂ ‘ਚੋਂ ਗਏ ਅਤੇ ਉਨ੍ਹਾਂ ‘ਚੋਂ ਬਹੁ-ਗਿਣਤੀ ਪੰਜਾਬ ਦੇ ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹੇ ਦੇ ਲੋਕਾਂ ਦੀ ਸੀ। ਸੰਨ ੧੯੦੮ ਤਕ ਕੈਨੇਡਾ ਵਿਚ ਪੰਜ ਹਜ਼ਾਰ ਤੋਂ ਵੱਧ ਪੰਜਾਬੀ ਸਨ। ਹੁਣ ਇਹ ਗਿਣਤੀ ਲਗਪਗ ਪੌਣੇ ਸੱਤ ਲੱਖ ਤਕ ਪਹੁੰਚ ਚੁੱਕੀ ਹੈ ਜੋ ਕੈਨੇਡਾ ਦੀ ਆਬਾਦੀ ਦਾ ਲਗਪਗ ੨ ਫ਼ੀਸਦੀ ਹੈ।
ਪੰਜਾਬੀਆਂ ਨੇ ਕੈਨੇਡਾ ਦੀਆਂ ਸਰਕਾਰਾਂ ਦੀ ਇਮੀਗ੍ਰੇਸ਼ਨ ਪਾਲਿਸੀ ਵਿਰੁੱਧ ਲੰਬੀ ਲੜਾਈ ਅਤੇ ਕਾਮਾਗਾਟਾ ਮਾਰੂ ਵਰਗੇ ਘੋਲ ਲੜੇ। ਬਾਬਾ ਗੁਰਦਿੱਤ ਸਿੰਘ ੧੯੧੪ ‘ਚ ਜਦੋਂ ਜਾਪਾਨੀ ਮਾਲਵਾਹਕ ਜਹਾਜ਼ ਲੈ ਕੇ ਕੈਨੇਡਾ ਪੁੱਜੇ ਤਾਂ ਜਹਾਜ਼ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ। ਜਹਾਜ਼ ‘ਚ ਸਵਾਰ ੩੭੬ ਲੋਕਾਂ ‘ਚੋਂ ਸਿਰਫ਼ ੨੩ ਨੂੰ ਉਤਰਨ ਦੀ ਇਜਾਜ਼ਤ ਦਿੱਤੀ ਗਈ। ਜਹਾਜ਼ ਸਵਾਰ ਭਾਰਤੀਆਂ ਨੂੰ ਦੋ ਮਹੀਨੇ ਬਹੁਤ ਮੁਸ਼ਕਲਾਂ ਪੇਸ਼ ਆਈਆਂ ਸਨ। ਕੇਸ ਅਦਾਲਤ ਤਕ ਗਿਆ। ਦੋ ਮਹੀਨੇ ਸਮੁੰਦਰ ਵਿਚ ਰੁਕਣ ਤੋਂ ਬਾਅਦ ਜਹਾਜ਼ ਕਲਕੱਤਾ ਕੋਲ ਬਜਬਜ ਘਾਟ ਆ ਗਿਆ।
ਜਹਾਜ਼ ‘ਚੋਂ ਉਤਰਨ ਤੋਂ ਬਾਅਦ ਅੰਗਰੇਜ਼ਾਂ ਨਾਲ ਹੋਈ ਝੜਪ ਵਿਚ ੧੯ ਸਿੱਖ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਵੀ ਕੈਨੇਡਾ ਸਰਕਾਰ ਸਮੇਂ-ਸਮੇਂ ਇਮੀਗ੍ਰੇਸ਼ਨ ਦੀਆਂ ਪਾਬੰਦੀਆਂ ਲਗਾਉਂਦੀ ਰਹੀ। ਫਿਰ ੧੯੫੧ ਵਿਚ ਕੋਟਾ ਸਿਸਟਮ ਸ਼ੁਰੂ ਹੋਇਆ ਅਤੇ ੧੯੬੭ ਤੋਂ ਬਾਅਦ ਵੱਡੀ ਗਿਣਤੀ ‘ਚ ਪੰਜਾਬੀ ਵਿਜ਼ਟਰ ਬਣ ਕੇ ਕੈਨੇਡਾ ਜਾਣ ਲੱਗੇ।
ਹੁਣ ਵੱਡੀ ਗਿਣਤੀ ਵਿਚ ਪੰਜਾਬ ਤੋਂ ਵਿਦਿਆਰਥੀ ਬਿਹਤਰ ਸਿੱਖਿਆ ਅਤੇ ਰੁਜ਼ਗਾਰ ਦੀ ਭਾਲ ਵਿਚ ਲਗਾਤਾਰ ਕੈਨੇਡਾ ਜਾ ਰਹੇ ਹਨ। ਕੈਨੇਡਾ ‘ਚ ਮੌਜੂਦਾ ਪੰਜਾਬੀ ਵਸੋਂ ਵਿਚ ਬਹੁ-ਗਿਣਤੀ ਅੱਜ ਵੀ ਪੰਜਾਬ ਦੇ ਪਿੰਡਾਂ ਤੋਂ ਗਏ ਪੰਜਾਬੀਆਂ ਦੀ ਹੈ। ਪਰ ਹੁਣ ਦੁਨੀਆ ਦੇ ਹੋਰ ਹਿੱਸਿਆਂ ਤੋਂ ਵੀ ਕਾਫ਼ੀ ਗਿਣਤੀ ਵਿਚ ਪੰਜਾਬੀ ਕੈਨੇਡਾ ਜਾ ਰਹੇ ਹਨ। ਹੁਣ ਦੀ ਪੰਜਾਬੀ ਵਸੋਂ ਵਿਚ ਓਥੇ ਜੰਮਿਆਂ ਦੀ ਗਿਣਤੀ ਵੀ ਚੋਖੀ ਹੈ। ਜਿੱਥੇ ਕੈਨੇਡਾ ‘ਚ ਪੰਜਾਬੀ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਹਨ ਉਸ ਦੇ ਨਾਲ ਹੀ ਕੁਝ ਚੁਣੌਤੀਆਂ ਵੀ ਸਾਹਮਣੇ ਹਨ।
ਕੈਨੇਡਾ ਵਿਚ ਰਹਿ ਰਹੇ ਪੁਰਾਣੇ ਪੰਜਾਬੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਪਰ ਨਵੀਂ ਪੀੜ੍ਹੀ ਦਾ ਪੰਜਾਬ ਨਾਲ ਬਹੁਤ ਘੱਟ ਲਗਾਅ ਹੈ। ਸਾਡੇ ਸੱਭਿਆਚਾਰ ਦਾ ਧੁਰਾ ਮਾਂ-ਬੋਲੀ ਪੰਜਾਬੀ ਹੈ ਪਰ ਮੌਜੂਦਾ ਹਾਲਾਤ ਮੁਤਾਬਕ ਕੈਨੇਡਾ ਵਿਚ ਰਹਿ ਰਹੇ ਪੰਜਾਬੀ ਕਹਾਉਣ ਵਾਲੇ ਸਾਰੇ ਲੋਕਾਂ ਦੀ ਆਮ ਗੱਲਬਾਤ ਦੀ ਬੋਲੀ ਪੰਜਾਬੀ ਨਹੀਂ ਹੈ। ਮਾਂ-ਬੋਲੀ ‘ਤੇ ਉੱਥੇ ਦੀ ‘ਧਰਤੀ ਮਾਂ’ ਦੀ ਬੋਲੀ ਭਾਰੂ ਹੋ ਰਹੀ ਹੈ। ਆਪਣੇ ਪੁਰਖਿਆਂ ਦੀ ਧਰਤੀ ਨਾਲੋਂ ਤੋੜ-ਵਿਛੋੜੇ ਦਾ ਵੀ ਇਹ ਮੂਲ ਕਾਰਨ ਸਮਝਿਆ ਜਾਂਦਾ ਹੈ। ਸੰਨ ੧੯੭੦ ਤੋਂ ਪਹਿਲਾਂ ਕੈਨੇਡਾ ਗਏ ਪੰਜਾਬੀਆਂ ਦੇ ਉੱਥੇ ਜੰਮਪਲ ਬੱਚੇ ਕੁਝ ਹੱਦ ਤਕ ਪੰਜਾਬੀ ਸਮਝ ਜ਼ਰੂਰ ਲੈਂਦੇ ਹਨ ਪਰ ਬੋਲਣ ਵਿਚ ਉਨ੍ਹਾਂ ਨੂੰ ਵੀ ਮੁਸ਼ਕਲ ਹੁੰਦੀ ਹੈ।
ਹੁਣ ਉਨ੍ਹਾਂ ਦੀ ਦੋਹਰੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਕੈਨੇਡਾ ਦੀ ਸਿਆਸਤ ਦੇ ਨਾਲ-ਨਾਲ ਆਪਣੇ ਸੱਭਿਆਚਾਰ ਤੇ ਪੰਜਾਬ ਦਾ ਵੀ ਖ਼ਿਆਲ ਰੱਖਣ।