ਪੰਜਾਬ ਤੋਂ ਦਿੱਲੀ ਹਵਾਈ ਅੱਡੇ ‘ਤੇ ਰੋਜ਼ਾਨਾ ਜਾਂਦੀਆਂ ਹਨ 6000 ਟੈਕਸੀਆਂ

0
1344

ਅਮਰਗੜ੍ਹ: ਪੰਜਾਬ ਵਿਚ ਇਸ ਸਮੇਂ ੧੨੭੮੩ ਪਿੰਡ ਹਨ। ਇਨ੍ਹਾਂ ਸਮੁੱਚੇ ਪਿੰਡਾਂ ਵਿਚੋਂ ਹਰ ੨੪ ਘੰਟਿਆਂ ‘ਚ ਕਿਸੇ ਨੇ ਕਿਸੇ ਵਿਅਕਤੀ ਦਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਪਣੀ ਨਿੱਜੀ ਜਾਂ ਕਿਰਾਏ ਦੀ ਗੱਡੀ ਰਾਹੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਛੱਡਣ ਜਾਂ ਲੈ ਕੇ ਆਉਣ ਲਈ ਅਕਸਰ ਆਉਣਾ-ਜਾਣਾ ਰਹਿੰਦਾ ਹੈ। ਇਸ ਲੰਮੇ ਅਕਾਊ ਅਤੇ ਥਕਾਊ ਸਫ਼ਰ ਲਈ ਕਈ ਸੈਂਕੜੇ ਲੋਕ ਆਪਣੀਆਂ ਨਿੱਜੀ ਗੱਡੀਆਂ ਸਮੇਤ ਅਕਸਰ ਟੈਕਸੀਆਂ ਲੈ ਕੇ ਵੀ ਦਿੱਲੀ ਦੇ ਹਵਾਈ ਅੱਡੇ ਪਹੁੰਚਦੇ ਹਨ। ਇਕ ਅਨੁਮਾਨ ਅਨੁਸਾਰ ਜੇ ਪੂਰੇ ਪੰਜਾਬ ‘ਚੋਂ ਤਕਰੀਬਨ ੬੦੦੦ ਗੱਡੀਆਂ ਰੋਜ਼ਾਨਾ ਦਿੱਲੀ ਜਾਣ ਅਤੇ ਹਰ ਟੈਕਸੀ ਨੂੰ ੭੫੦੦ ਰੁਪਏ ਕਿਰਾਏ ਵਜੋਂ ਅਦਾ ਕਰਨੇ ਪੈਣ ਤਾਂ ਪੰਜਾਬੀਆਂ ਦੇ ਇਕ ਦਿਨ ‘ਚ ੪ ਕਰੋੜ ੫੦ ਲੱਖ ਰੁਪਏ ਖ਼ਰਚ ਹੋ ਰਹੇ ਹਨ। ਇਸ ਤੋਂ ਇਲਾਵਾ ਹਰ ਗੱਡੀ ਵਾਲੇ ਨੂੰ ਟੋਲ ਟੈਕਸ ਦੇ ਰੂਪ ‘ਚ ਲਗਪਗ ੧੦੦੦ ਰੁਪਏ ਵੱਖਰੇ ਦੇਣੇ ਪੈਂਦੇ ਹਨ। ਦਿੱਲੀ ਸਫ਼ਰ ਕਰਨ ਵਾਲਿਆਂ ਨੂੰ ਢਾਬਿਆਂ ਵਾਲਿਆਂ ਨੂੰ ਚਾਹ ਦਾ ਕੱਪ ੨੦ ਰੁਪਏ ਅਤੇ ਰੋਟੀ ਦੀ ਥਾਲੀ ਲਗਪਗ ੨੦੦ ਰੁਪਏ ਪ੍ਰਤੀ ਵਿਅਕਤੀ ਛਕਣੀ ਪੈਂਦੀ ਹੈ। ਇੰਜਣ, ਟਾਇਰ, ਟੁੱਟ-ਭੱਜ, ਮੁਰੰਮਤ, ਹਾਦਸਾ, ਸਮਾਂ, ਸ਼ਕਤੀ ਅਤੇ ਊਰਜਾ ਵੱਖਰੀ ਨਸ਼ਟ ਕਰਨੀ ਪੈਂਦੀ ਹੈ। ਦਿੱਲੀ ‘ਚ ਦਾਖ਼ਲ ਹੋ ਜਾਣ ਤੋਂ ਬਾਅਦ ਹਵਾਈ ਅੱਡੇ ਵੱਲ ਆਉਣ ਜਾਣ ਦੇ ਤਕਰੀਬਨ ੭੦ ਕਿੱਲੋਮੀਟਰ ਲੰਮੇ ਸਫ਼ਰ ਨੂੰ ਲੰਮੇ ਆਵਾਜਾਈ ਜਾਮਾਂ ‘ਚੋਂ ਲੰਘਦਿਆਂ ਲਗਪਗ ੪ ਘੰਟੇ ਔਸਤ ਖ਼ਰਚ ਹੁੰਦੇ ਹਨ। ਇਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪਾਰਕਿੰਗ ‘ਚ ਇਕ ਘੰਟਾ ਗੱਡੀ ਖੜ੍ਹੀ ਕਰਨ ਦਾ ੧੦੦ ਰੁਪਏ ਅਤੇ ੨੦ ਫ਼ੀਸਦੀ ਜੀ.ਐਸ.ਟੀ. ਦੇਣਾ ਪੈਂਦਾ ਹੈ। ਪਾਰਕਿੰਗ ਦੀ ਪਰਚੀ ਗਵਾਚ ਜਾਣ ‘ਤੇ ਨਵੀਂ ਪਰਚੀ ਬਣਾਉਣ ਦੀ ਫ਼ੀਸ ੧੨੦੦ ਰੁਪਏ ਹੈ। ਹਵਾਈ ਅੱਡੇ ਦੇ ‘ਅਰਾਈਵਲ’ (ਯਾਤਰੀ ਆਉਣ) ਅਤੇ ‘ਡਿਪਾਰਚਰ’ (ਯਾਤਰੀ ਜਾਣ) ਵਾਲੇ ਗੇਟਾਂ ਨਜ਼ਦੀਕ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ ੧੫ ਰੁਪਏ ਵਾਲ ਸੈਂਡਵਿਚ ੫੦ ਰੁਪਏ ਦਾ ਅਤੇ ੨੦੦ ਗ੍ਰਾਮ ਠੰਢੇ ਦੀ ਬੋਤਲ ੮੫ ਰੁਪਏ ਦੀ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਦਿੱਲੀ ਦੇ ਰਾਹ ‘ਚ ਸੈਂਕੜੇ ਲੁੱਟਾਂ-ਖੋਹਾਂ, ਚੋਰੀ ਡਾਕੇ, ਜਾਨੀ ਨੁਕਸਾਨ ਅਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦਾ ਡਰ ਅਕਸਰ ਰਾਹਗੀਰਾਂ ਦੇ ਮਨ ‘ਤੇ ਰਹਿੰਦਾ ਹੈ। ਇਸ ਤੋਂ ਇਲਾਵਾ ਦਿੱਲੀ ਆਉਣ-ਜਾਣ ਸਮੇਂ ਇਨ੍ਹਾਂ ‘ਚ ਹੋਰ ਵੀ ਅਨੇਕਾਂ ਲੁਕਵੇਂ ਖ਼ਰਚ ਸ਼ਾਮਿਲ ਹਨ, ਜਿਨ੍ਹਾਂ ਦਾ ਇੱਥੇ ਜ਼ਿਕਰ ਨਹੀਂ ਕੀਤਾ ਗਿਆ। ਕੁੱਲ ਮਿਲਾ ਕੇ ਅਗਰ ਇਨ੍ਹਾਂ ਸਮੱਸਿਆਵਾਂ ਦਾ ਪੰਜਾਬ ਸਰਕਾਰ ਧਿਆਨ ਨਾਲ ਵਿਚਾਰ ਕਰੇ ਤਾਂ ਪਤਾ ਲੱਗੇਗਾ ਕਿ ਪੰਜਾਬੀਆਂ ਨੂੰ ਸਿਰਫ਼ ਦਿੱਲੀ ਜਾਣ ਲਈ ਹੀ ਪ੍ਰਤੀ ਦਿਨ ਕਰੋੜਾਂ ਅਤੇ ਇਕ ਸਾਲ ਵਿਚ ਅਰਬਾਂ ਖਰਬਾਂ ਰੁਪਏ ਦੀ ਰਾਸ਼ੀ ਖ਼ਰਚ ਕਰਨੀ ਪੈਂਦੀ ਹੈ। ਇਕ ਸਾਲ ਦੌਰਾਨ ਖ਼ਰਚੀ ਜਾਣ ਵਾਲੀ ਇਸ ਰਾਸ਼ੀ ਨਾਲ ਦਿੱਲੀ ਨਾਲੋਂ ਵੀ ਵਿਸ਼ਾਲ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ‘ਚ ਕਿਤੇ ਵੀ ਉਸਾਰਿਆ ਜਾ ਸਕਦਾ ਹੈ।