ਸਦੀਕ ਦੀ ਤੂੰਬੀ ਟੁਣਕਦੀ ਰਹੇਗੀ

0
2028

ਫ਼ਰੀਦਕੋਟ ਤੋਂ ਐਮ.ਪੀ ਮੁਹੰਮਦ ਸਦੀਕ ਦੀ ਤੂੰਬੀ ਟੁਣਕਦੀ ਰਹੇਗੀ। ਮੁਹੰਮਦ ਸਦੀਕ ਲਈ ਤੂੰਬੀ ਇਕੱਲੀ ਰੂਹ ਦੀ ਖੁਰਾਕ ਨਹੀਂ, ਰੋਜ਼ੀ ਰੋਟੀ ਦਾ ਵਸੀਲਾ ਵੀ ਹੈ। ਸਦੀਕ ਪਾਰਲੀਮੈਂਟ ਦੀ ਪੌੜੀ ਜਰੂਰ ਚੜ੍ਹੇ ਹਨ ਪਰ ਉਹ ਅਖਾੜਿਆਂ ਦੀ ਸਟੇਜ ਤੋਂ ਨਹੀਂ ਉੱਤਰਨਗੇ। ਸਦੀਕ ਆਖਦੇ ਹਨ ਕਿ ਜਦੋਂ ਤੱਕ ਦਮ ਹੈ, ਉਦੋਂ ਤੱਕ ਤੂੰਬੀ ਨਹੀਂ ਰੁਕੇਗੀ। ਉਦੋਂ ਕੋਈ ਅਖਾੜਾ ਨਹੀਂ ਲੱਗੇਗਾ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੋਵੇਗਾ। ਸਦੀਕ ਨੇ ਕਿਹਾ ਕਿ ਪਾਰਲੀਮੈਂਟ ‘ਚ ਲੋਕ ਮੁੱਦਿਆਂ ਦੀ ਗੂੰਜ ਪਾਵਾਂਗਾ ਤੇ ਲੋਕ ਫਰਜ਼ਾਂ ‘ਤੇ ਪਹਿਰਾ ਦਿਆਂਗਾ। ਸਦੀਕ ਨੇ ਦੱਸਿਆ ਕਿ ਗਾਇਕੀ ਉਸ ਦੀ ਰੋਜ਼ੀ ਰੋਟੀ ਹੈ ਤੇ ਕਮਾਈ ਦਾ ਹੋਰ ਕੋਈ ਸਾਧਨ ਨਹੀਂ। ਤੂੰਬੀ ਨਾਲ ਹੀ ਘਰ ਬਾਰ ਚੱਲਦਾ ਹੈ। ਐਮ.ਪੀ ਬਣਨ ਮਗਰੋਂ ਸਦੀਕ ਦੋ ਤਿੰਨ ਅਖਾੜੇ ਲਾ ਚੁੱਕੇ ਹਨ। ਸਦੀਕ ੭੯ ਸਾਲਾਂ ਦੇ ਹੋ ਗਏ ਹਨ। ਉੱਨਾਂ ੧੯੬੦ ਤੋਂ ਸਟੇਜੀ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਸਨ। ਮੁਹੰਮਦ ਸਦੀਕ ਜਦੋਂ ਪਹਿਲੀ ਵਾਰ ਭਦੌੜ ਤੋਂ ਵਿਧਾਇਕ ਬਣ ਕੇ ਵਿਧਾਨ ਸਭਾ ‘ਚ ਗਏ ਸਨ ਤਾਂ ਉਦੋਂ ਸਿਆਸੀ ਭਲਵਾਨਾਂ ‘ਚ ਘਿਰ ਗਏ ਸਨ। ਜਦੋਂ ਵੱਡੇ ਬਾਦਲ ਦੀ ਸਿਫਾਰਸ਼ ‘ਤੇ ਸਦੀਕ ਨੇ ਸੈਸ਼ਨ ‘ਚ ਪ੍ਰੋ. ਮੋਹਨ ਸਿੰਘ ਦੀ ਕਵਿਤਾ ਸੁਣਾ ਦਿੱਤੀ ਤਾਂ ਉਦੋਂ ਸਦੀਕ ਦਾ ਮਜ਼ਾਕ ਉਡਾਇਆ ਗਿਆ ਸੀ। ਸਦੀਕ ਆਖਦੇ ਹਨ ਕਿ ਉਦੋਂ ਉਹ ਸ਼ਰਾਫ਼ਤ ਕਾਰਨ ਫਸ ਗਏ ਸਨ ਤੇ ਸਿਆਸੀ ਲੋਕਾਂ ਦੇ ਦਾਅ ਪੇਚਾਂ ਤੋਂ ਅਣਜਾਣ ਸਨ। ਭੋਲ਼ੇਪਣ ਵਿਚ ਪੰਜਾਬ ਦੀ ਸਿਫ਼ਤ ਵਾਲੀ ਕਵਿਤਾ ਸੁਣਾ ਬੈਠੇ ਸਨ। ਸਦੀਕ ਨੇ ਪਾਰਲੀਮੈਂਟ ਦੇ ਪਹਿਲੇ ਤਜਰਬੇ ਬਾਰੇ ਆਖਿਆ ਕਿ ‘ਪਾਰਲੀਮੈਂਟ ‘ਚ ਹਕੂਮਤ ਵਾਲੇ ਸ਼ੁਗ਼ਲੀ ਲੋਕ ਬੈਠੇ ਹਨ ਜਿਨ੍ਹਾਂ ਦੇ ਜਾਲ ‘ਚ ਉਹ ਹੁਣ ਨਹੀਂ ਫਸਣਗੇ। ਜੋ ਭੁੱਲ ਵਿਧਾਨ ਸਭਾ ‘ਚ ਹੋਈ, ਉਹ ਪਾਰਲੀਮੈਂਟ ‘ਚੱਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਲੰਚ ਸਮੇਂ ਦੌਰਾਨ ਕਈ ਐਮ.ਪੀਜ਼ ਗਾਣਾ ਸੁਣਨ ਦੀ ਇੱਛਾ ਜ਼ਾਹਰ ਕਰਦੇ ਹਨ ਪਰ ਉਨ੍ਹਾਂ ਕੋਰੀ ਨਾਂਹ ਕਰ ਦਿੱਤੀ।