ਧਮਕੀਆਂ ਤੋਂ ਤੰਗ ਆ ਕੇ ਕੈਨੇਡਾ ਪਹੁੰਚਿਆ ਪਾਕਿ ਸਿੱਖ ਆਗੂ

0
1812

ਅੰਮ੍ਰਿਤਸਰ: ਪਾਕਿਸਤਾਨ ਦੀ ਪਿਸ਼ਾਵਰ ਛਾਉਣੀ ਵਿਚਲੇ ਗੁਰਦੁਆਰਾ ਸਿੰਘ ਸਭਾ ਦੇ ਚੇਅਰਮੈਨ ਰਾਧੇਸ਼ ਸਿੰਘ ਭੱਟੀ ਉਰਫ਼ ਟੋਨੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਚਲਦਿਆਂ ਉਹ ਪਾਕਿਸਤਾਨ ਛੱਡ ਕੇ ਪਰਿਵਾਰ ਸਮੇਤ ਕੈਨੇਡਾ ਪਹੁੰਚ ਚੁੱਕੇ ਹਨ। ਰਾਧੇਸ਼ ਸਿੰਘ ਪਿਛਲੇ ਕਈ ਵਰ੍ਹਿਆਂ ਤੋਂ ਪਾਕਿ ‘ਚ ਸਿੱਖਾਂ ਅਤੇ ਹਿੰਦੂਆਂ ਸਮੇਤ ਹੋਰਨਾਂ ਘੱਟ ਗਿਣਤੀਆਂ ਦੇ ਹੱਕਾਂ ਅਤੇ ਸੁਰੱਖਿਆ ਲਈ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਸਨ। ਉਨ੍ਹਾਂ ਨੇ ਮਰਦਮਸ਼ੁਮਾਰੀ ਸੂਚੀ ‘ਚ ਸਿੱਖ ਕੌਮ ਨੂੰ ਵੱਖਰੇ ਤੌਰ ‘ਤੇ ਸ਼ਾਮਿਲ ਕਰਵਾਉਣ, ਸਿੱਖਾਂ ਲਈ ਹੈਲਮਟ ਤੋਂ ਪਾਬੰਦੀ ਹਟਾਉਣ, ਹਿੰਦੂ ਤੇ ਸਿੱਖ ਬੱਚਿਆਂ ਲਈ ਨਵੇਂ ਸਕੂਲ ਸ਼ੁਰੂ ਕਰਵਾਉਣ, ਮੁਫ਼ਤ ਸਿੱਖਿਆ ਮੁਹੱਈਆ ਕਰਾਉਣ ਆਦਿ ‘ਚ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਨੇ ਪਾਕਿ ‘ਚ ਘੱਟ ਗਿਣਤੀ ਭਾਈਚਾਰੇ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਅੱਤਿਆਚਾਰਾਂ ਬਾਰੇ ਅਖ਼ਬਾਰਾਂ ‘ਚ ਕਾਲਮ ਲਿਖ ਕੇ ਆਪਣੇ ਵਿਚਾਰ ਜਨਤਾ ਤੱਕ ਪਹੁੰਚਾਉਣ ਦਾ ਸਿਲਸਿਲਾ ਜਾਰੀ ਰੱਖਿਆ। ਇਸੇ ਸਭ ਕਾਰਨ ਉਨ੍ਹਾਂ ‘ਤੇ ਦੋ ਵਾਰੀ ਜਾਨ ਲੇਵਾ ਹਮਲੇ ਵੀ ਹੋਏ ਅਤੇ ਇਨ੍ਹਾਂ ਸਭ ਤੋਂ ਪਿਛਾ ਛੁਡਾਉਣ ਲਈ ੫-੬ ਮਹੀਨੇ ਪਹਿਲਾਂ ਉਹ ਪਿਸ਼ਾਵਰ ਤੋਂ ਲਾਹੌਰ ਜਾ ਕੇ ਆਬਾਦ ਹੋ ਗਏ। ਲਾਹੌਰ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ ਪਰ ਕੋਈ ਸਹਿਯੋਗ ਨਾ ਮਿਲਣ ਤੋਂ ਕਰਕੇ ਆਖ਼ਰਕਾਰ ਉਨ੍ਹਾਂ ਨੂੰ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਛੱਡਣਾ ਪਿਆ।
ਰਾਧੇਸ਼ ਸਿੰਘ ਦੇ ਖ਼ਾਲਿਸਤਾਨੀ ਪੱਖੀ ਹੋਣ ਕਰਕੇ ਭਾਰਤ ਵਲੋਂ ਉਨ੍ਹਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਈ ਗਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਧੇਸ਼ ਸਿੰਘ ਨੂੰ ਗ਼ੈਰ-ਸਿੱਖ ਦੱਸੇ ਜਾਣ ਦਾ ਵਿਰੋਧ ਕਰਦਿਆਂ ਪਿਸ਼ਾਵਰੀ ਸਿੱਖ ਆਗੂਆਂ ਨੇ ਦੱਸਿਆ ਕਿ ਉਸ ਦੇ ਵਡੇਰੇ ਸਿੱਖ ਸਨ ਪਰ ਬਾਅਦ ‘ਚ ਹਾਲਾਤ ਖ਼ਰਾਬ ਹੋਣ ‘ਤੇ ਉਨ੍ਹਾਂ ਧਰਮ ਤਬਦੀਲ ਕਰ ਲਿਆ। ਜਦ ਕਿ ਰਾਧੇਸ਼ ਸਿੰਘ ਦਾ ਪਰਿਵਾਰ ਪਿਛਲੀਆਂ ਦੋ ਪੀੜ੍ਹੀਆਂ ਤੋਂ ਸਿੱਖੀ ਰੂਪ ‘ਚ ਹੈ ਅਤੇ ਉਨ੍ਹਾਂ ਦਾ ਭਰਾ ਸ਼ੌਨੀ ਸਿੰਘ ਜੋ ਕਿ ਬੈਂਕ ‘ਚ ਸੀਨੀਅਰ ਅਧਿਕਾਰੀ ਹੈ, ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਿੰਘ ਸਭਾ ‘ਚ ਰਾਗੀ ਸਿੰਘ ਵਜੋਂ ਵੀ ਸੇਵਾਵਾਂ ਦੇ ਰਿਹਾ ਹੈ। ਪੀ. ਐਸ. ਜੀ. ਪੀ. ਸੀ. ਨੇ ਰਾਧੇਸ਼ ਸਿੰਘ ਦੇ ਪਾਕਿ ਛੱਡਣ ਨੂੰ ਉਸ ਦੀ ਪਾਕਿ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਹੈ।