ਪੰਜਾਬੀ ਧੀਆਂ ਨੇ ਮਾਪਿਆਂ ਤੇ ਭਰਾਵਾਂ ਖਿਲਾਫ ਕਾਨੂੰਨੀ ਜੰਗ ਜਿੱਤੀ

0
2030

ਵੈਨਕੂਵਰ: ਬ੍ਰਿਟਿਸ਼ ਕੋਲੰਬੀਆਂ ਦੀ ਸੁਪਰੀਮ ਕੋਰਟ ਨੇ ਮਾਪਿਆਂ ਵੱਲੋਂ ਧੀਆਂ ਤੇ ਪੁੱਤਾਂ ਵਿੱਚ ਕੀਤਾ ਜਾਂਦਾ ਵਿਤਕਰਾ ਰੋਕਣ ਲਈ ਪੰਜਾਬੀ ਮਾਪਿਆਂ ਦੀ ਵਸੀਅਤ ਤੋੜਤਿਆਂ ਅਹਿਮ ਫੈਸਲਾ ਸੁਣਾਇਆ
ਹੈ।
ਅਦਾਲਤ ਨੇ ਪਰਿਵਾਰ ਦੇ ਬਜੁਰਗਾਂ ਵੱਲੋਂ ੫੦ ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜਾਇਦਾਦ ਬਾਰੇ ਕੀਤੀ ਵਸੀਅਤ ਨੂੰ ਗਲਤ ਕਰਾਰ ਦਿੰਦਿਆਂ ਦੋਵਾਂ ਪੁੱਤਰਾਂ ਨੂੰ ੨੦-੨੦ ਫੀਸਦੀ ਤੇ ਚਾਰ ਧੀਆਂ ਨੂੰ ੧੫-੧੫ ਫੀਸਦੀ ਜਾਇਦਾਦ ਵੰਡਣ ਦਾ ਫੈਲਦਾ ਸੁਣਾਇਆ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਇਹ ਲੜਾਈ ਜਾਇਦਾਦ ਦੀ ਭੁੱਖ ਲਈ ਨਹੀਂ, ਸਗੋਂ, ਖਾਸਕਰ ਪੰਜਾਬੀ ਮਾਪਿਆਂ ਵੱਲੋਂ ਆਪਣੀ ਔਲਾਦ ਵਿੱਚ ਕੀਤੇ ਜਾਂਦੇ ਲਿੰਗ ਵਿਤਕਰੇ ਵਿਰੁੱਧ ਲੜੀ ਹੈ। ਨਾਹਰ ਲਿੱਟ ਅਤੇ ਨਿਹਾਲ ਲਿੱਟ ੫੫ ਸਾਲ ਪਹਿਲਾਂ ਪੰਜਾਬ ਤੋਂ ਆਪਣੇ ਛੇ ਬੱਚਿਆਂ ਨਾਲ ਕੈਨੇਡਾ ਆਏ ਸਨ। ਲਿੱਟ ਜੋੜੇ ਦੀਆਂ ਚਾਰ ਧੀਆਂ ਜਸਵਿੰਦਰ ਕੌਰ, ਗਰੇਵਾਲ, ਮਹਿੰਦਰ ਕੌਰ ਲਿੱਟ ਗਰੇਵਾਲ, ਅਮਰਜੀਤ ਕੌਰ ਗੋਟਨਬੋਸ ਤੇ ਇੰਦਰਜੀਤ ਕੌਰ ਸਿੱਧੂ (ਜੋ ਹੁਣ ੫੮ ਤੋਂ ੬੫ ਸਾਲਾਂ ਦੀਆਂ ਹਨ) ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਵਿਆਹਾਂ ਤੱਕ ਘਰ ਦੀ ਆਰਥਿਕ ਉਸਾਰੀ ਵਿੱਚ ਬਣਦਾ ਯੋਗਦਾਨ
ਪਾਇਆ।
ਵਿਆਹਾਂ ਤੋਂ ਬਾਅਦ ਵੀ ਉਹ ਆਪਣੇ ਮਾਪਿਆਂ ਦੀ ਸੇਵਾ ਕਰਦੀਆਂ ਰਹੀਆਂ ਪਰ ਮਾਪਿਆਂ ਦੇ ਮਨਾਂ ਵਿੱਚ ਧੀਆਂ ਪ੍ਰਤੀ ਵਿਤਕਰੇ ਦਾ ਪਤਾ ਉਨ੍ਹਾਂ ਨੂੰ ੨੦੧੬ ਵਿੱਚ ਮਾਂ-ਬਾਪ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਸੀਅਤ ਖੁੱਲਣ ‘ਤੇ ਲੱਗਾ। ਇਨ੍ਹਾਂ ਚਾਰਾਂ ਭੈਣਾਂ ਨੇ ਵਸੀਅਤ ਤੋੜਨ ਲਈ ਕਾਨੂੰਨੀ ਸਹਾਰਾ ਲਿਆ। ਉਨ੍ਹਾਂ ਦੇ ਵੱਡੇ ਭਰਾ ਨੇ ਅਦਾਲਤ ਵਿੱਚ ਮੰਨਿਆ ਕਿ ਉਸ ਦੀਆਂ ਭੈਣਾਂ ਨਾਲ ਲਿੰਗ ਵਿਤਕਰਾ ਹੋਇਆ
ਹੈ।
ਦੋਵਾਂ ਭਰਾਵਾਂ ਟੈਰੀ ਮੁਖਤਾਰ ਸਿੰਘ ਲਿੱਟ ਅਤੇ ਕੇਸਰ ਸਿੰਘ ਲਿੱਟ ਨੇ ਖੁਦ ਅਦਾਲਤ ਵਿੱਚ ਪੇਸ਼ਕਸ਼ ਕੀਤੀ ਸੀ ਕਿ ਉਨ੍ਹਾਂ ਨੂੰ ਜਾਇਦਾਦ ਵਿੱਚੋਂ ਭੈਣਾਂ ਨੂੰ ਹਿੱਸਾ ਦੇਣ ਵਿੱਚ ਇਤਰਾਜ਼ ਨਹੀਂ ਪਰ ਦੋਵਾਂ ਭਰਾਵਾਂ ਨੂੰ ਭੈਣਾਂ ਤੋਂ ਕੁੱਝ ਵੱਧ ਦਿੱਤਾ ਜਾਵੇ।
ਜੱਜ ਨੇ ਚਾਰਾਂ ਭੈਣਾਂ ਨੂੰ ੧੫-੧੫ ਫੀਸਦੀ ਤੇ ਦੋਹਾਂ ਭਰਾਵਾਂ ਨੂੰ ੨੦-੨੦ ਫੀਸਦੀ ਜਾਇਦਾਦ ਦੀ ਵੰਡ ਕਰਨ ਦਾ ਫੈਸਲਾ ਸੁਣਾਇਆ ਹੈ। ਲਿੱਟ ਭਰਾਵਾਂ ਨੇ ਅਦਾਲਤ ਦੇ ਫੈਸਲੇ ਤੇ ਤਸੱਲੀ ਪ੍ਰਗਟਾਈ
ਹੈ।