ਪਟਨਾ ਸਾਹਿਬ: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੩ਵਾਂ ਪ੍ਰਕਾਸ਼ ਪੁਰਬ ਜਨਮ ਭੂਮੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਖ਼ਾਲਸਾਈ ਪ੍ਰੰਪਰਾਵਾ ਮੁਤਾਬਿਕ ਮਨਾਇਆ ਗਿਆ। ਰਾਜਪਾਲ ਫਾਗੂ ਚੌਹਾਨ, ਨਿਤਿਸ਼ ਕੁਮਾਰ ਮੁੱਖ ਮੰਤਰੀ ਬਿਹਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲਾਗੋਵਾਲ, ਅਨੰਦ ਕਿਸ਼ੋਰ ਯਾਦਵ ਮੰਤਰੀ ਬਿਹਾਰ, ਸਮੇਤ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਪ੍ਰਕਾਸ਼ ਪੁਰਬ ਸਮਾਗਮ ਪ੍ਰਤੀ ਕੀਤੇ ਗਏ ਪ੍ਰਭਾਵਸ਼ਾਲੀ ਪ੍ਰਬੰਧਾਂ ਲਈ ਨਿਤਿਸ਼ ਕੁਮਾਰ ਨੂੰ ਪੰਥਕ ਸ਼ਖ਼ਸੀਅਤਾਂ ਵਲੋਂ ਸਨਮਾਨਿਤ ਕੀਤਾ ਗਿਆ। ਨਿਤਿਸ਼ ਕੁਮਾਰ ਨੇ ਕਿਹਾ ਕਿ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਲੋਕਾਈ ਦੀ ਭਲਾਈ ਲਈ ਆਪਣਾ ਸਰਬੰਸ ਵਾਰ ਦਿੱਤਾ, ਤਾਂ ਜੋ ਦੱਬੇ-ਕੁਚਲੇ ਲੋਕਾਂ ਵਿਚ ਨਵੀਂ ਊਰਜਾ, ਜੋਸ਼ ਪੈਦਾ ਕੀਤਾ ਜਾ ਸਕੇ।