ਗਰਮੀ ਨੇ ਨਿਊਜ਼ੀਲੈਂਡ ਵਾਸੀਆਂ ਦੇ ਹੋਸ਼ ਉਡਾਏ

0
3511

ਆਕਲੈਡ: ਜਿੱਥੇ ਪੰਜਾਬ ਸਮੇਤ ਕੈਨੇਡਾ ਵਿਚ ਠੰਢ ਦਾ ਜ਼ੋਰ ਹੈ ਉੱਥੇ ਹੀ ਨਿਊਜ਼ੀਲੈਂਡ ਦੀ ਧਰਤੀ ‘ਤੇ ਪੰਜਾਬ ਦੇ ਜੇਠ-ਹਾੜ੍ਹ ਮਹੀਨੇ ਦੀ ਤਰ੍ਹਾਂ ਗਰਮੀ ਪੈ ਰਹੀ ਹੈ। ਜਿਸ ਕਾਰਨ ਨਿਊਜ਼ੀਲੈਂਡ ਵਾਸੀ ਬਹੁਤਾ ਸਮਾਂ ਆਪਣੇ ਘਰ ਅੰਦਰ ਜਾਂ ਸਮੁੰਦਰ ਕੰਢੇ ਗੁਜ਼ਾਰ ਰਹੇ ਹਨ। ਕਈ ਦਿਨਾਂ ਤੋਂ ਵਧ ਰਹੇ ਤਾਪਮਾਨ ਕਾਰਨ ਸਥਾਨਕ ਸਰਕਾਰ ਅਤੇ ਵੱਖੋ ਵੱਖ ਵਿਭਾਗਾਂ ਵਲੋਂ ਚਿਤਾਵਨੀਆਂ ਵੀ ਜਾਰੀ ਕੀਤੀਆ ਗਈਆਂ ਹਨ। ਨਿਊਜ਼ੀਲੈਂਡ ਦੇ ਬਹੁਤੇ ਹਿੱਸਿਆ ‘ਚ ਤਾਪਮਾਨ ਜਿੱਥੇ 30 ਡਿਗਰੀ ਤੋਂ ਪਾਰ ਦਰਜ ਕੀਤਾ ਗਿਆ ਹੈ ਉਥੇ ਹੀ ਮਾਰਲਬੋਰੋ ਇਲਾਕੇ ਸਭ ਤੋਂ ਵੱਧ ਗਰਮ ਪਾਏ ਗਏ ਜਿੱਥੇ ਦਾ ਤਾਪਮਾਨ 37 ਡਿਗਰੀ ਹੈ। ਇਸ ਵੱਧ ਰਹੀ ਗਰਮੀ ਅਤੇ ਤਪਸ ਕਾਰਨ ਸਿਹਤ ਬੋਰਡ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਅਤੇ ਜੂਸ ਆਦਿ ਪੀਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆ ਹਨ। ਇਸ ਗਰਮੀ ਨਾਲ ਨਿਊਜ਼ੀਲੈਂਡ ਦੀਆਂ ਸੜਕਾਂ ‘ਤੇ ਲੁੱਕ ਪਿਘਲਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਲੁੱਕ ਪਿਘਲਣ ਦੇ ਨਾਲ ਸੜਕਾਂ ਬਹੁਤ ਤਿਲਕਣ ਭਰੀਆਂ ਹੋ ਰਹੀਆਂ ਹਨ ਜਿਸ ਨਾਲ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਪਿਘਲੀ ਹੋਈ ਲੁੱਕ ਨਾਲ ਲੋਕਾਂ ਦੀਆਂ ਗੱਡੀਆਂ ਦੇ ਰੰਗ ਵੀ ਖ਼ਰਾਬ ਹੋ ਰਹੇ ਹਨ।