ਦੇਸ਼ਾਂ ਨੇ ਵੀ ਸ਼ੁਰੂ ਕੀਤਾ ਰਾਸ਼ਨ ਜਮਾਂ ਕਰਨਾ, ਐਕਸਪੋਰਟ ‘ਤੇ ਲੱਗੀ ਰੋਕ

0
1087

ਦਿੱਲੀ: ਦੇਸ਼ ਭਰ ਦੀਆਂ ਰਾਸ਼ਨ ਦੁਕਾਨਾਂ ‘ਤੇ ਪਿਛਲੇ ਕੁੱਝ ਦਿਨਾਂ ਤੋਂ ਕਾਫ਼ੀ ਭੀੜ ਹੈ ਅਤੇ ਲੋਕ ਲੋੜੀਂਦੀਆਂ ਚੀਜ਼ਾਂ ਨੂੰ ਕਾਫੀ ਮਾਤਰਾ ਵਿਚ ਇਕੱਠਾ ਕਰਨਾ ਚਾਹੁੰਦੇ ਹਨ। ਸਬਜ਼ੀਆਂ, ਆਟਾ, ਦਾਲ, ਦੁੱਧ ਅਤੇ ਅੰਡਿਆਂ ਸਮੇਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਸਥਿਤੀ ਹੈ। ਕੋਰੋਨਾ ਕਾਰਨ ਪੈਦਾ ਹੋਏ ਸੰਕਟ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਆਮ ਲੋਕ ਹੀ ਨਹੀਂ ਬਲਕਿ ਕਈ ਦੇਸ਼ਾਂ ਦੀਆਂ ਸਰਕਾਰਾਂ ਵੀ ਰਾਸ਼ਨ ਇਕੱਠਾ ਕਰਨ ਦੇ ਕੰਮ ਵਿਚ ਜੁਟੀਆਂ ਹੋਈਆਂ ਹਨ।
ਦਰਅਸਲ ਇਸ ਬਾਰੇ ਕੋਈ ਵੀ ਸਪੱਸ਼ਟ ਤੌਰ ‘ਤੇ ਕਹਿ ਨਹੀਂ ਸਕਦਾ ਹੈ ਕਿ ਕੋਰੋਨਾ ਕਾਰਨ ਤਾਲਾਬੰਦੀ ਦੀ ਸਥਿਤੀ ਕਦੋਂ ਖਤਮ ਹੋਵੇਗੀ। ਅਜਿਹੀ ਸਥਿਤੀ ਵਿਚ ਲੰਬੇ ਸਮੇਂ ਤੱਕ ਗਰੀਬਾਂ ਲਈ ਰਾਸ਼ਨ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਰਾਸ਼ਨ ਇਕੱਠਾ ਕਰ ਰਹੀਆਂ ਹਨ ਅਤੇ ਨਿਰਯਾਤ ਨੂੰ ਰੋਕ ਰਹੀਆਂ ਹਨ।
ਕਣਕ, ਗਾਜਰ, ਖੰਡ ਅਤੇ ਆਲੂ ਵਰਗੀਆਂ ਖੁਰਾਕੀ ਵਸਤਾਂ ਦੀ ਬਰਾਮਦ ਦੇ ਮਾਮਲੇ ਵਿਚ ਮੋਹਰੀ ਦੇਸ਼ ਕਜ਼ਾਕਿਸਤਾਨ ਨੇ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ।ਮੀਡੀਆ ਰਿਪੋਰਟ ਅਨੁਸਾਰ ਸਰਬੀਆ ਨੇ ਸੂਰਜਮੁਖੀ ਦੇ ਤੇਲ ਅਤੇ ਹੋਰ ਚੀਜ਼ਾਂ ਦੇ ਨਿਰਯਾਤ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਰੂਸ ਹਰ ਹਫ਼ਤੇ ਸਥਿਤੀ ਦੀ ਨਿਗਰਾਨੀ ਕਰਨ ਲਈ ਮੀਟਿੰਗ ਕਰ ਰਿਹਾ ਹੈ।
ਆਰਥਿਕ ਮਾਹਰ ਇਸ ਨੂੰ ਭੋਜਨ ਰਾਸ਼ਟਰਵਾਦ ਦੀ ਸਥਿਤੀ ਦੱਸ ਰਹੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲਵਾਰ ਰਾਤ 8 ਵਜੇ ਦੇਸ਼ ਭਰ ਵਿਚ 21 ਦਿਨਾਂ ਦੀ ਤਾਲਾਬੰਦੀ ਦੇ ਐਲਾਨ ਤੋਂ ਬਾਅਦ, ਲੋਕ ਵੱਡੀ ਗਿਣਤੀ ਵਿਚ ਰਾਸ਼ਨ ਦੁਕਾਨਾਂ ‘ਤੇ ਪਹੁੰਚੇ ਅਤੇ ਉਹਨਾਂ ਨੂੰ ਵੱਡੇ ਪੱਧਰ ‘ਤੇ ਚੀਜ਼ਾਂ ਖਰੀਦਦੇ ਦੇਖਿਆ ਗਿਆ।
ਇਸ ਦੇ ਨਾਲ ਭਾਰਤ ਵਿਚ ਜ਼ਰੂਰੀ ਚੀਜ਼ਾਂ ਦੀ ਖਰੀਦ ਵਿਚ ਤੇਜ਼ੀ ਆਈ। ਇਸ ਦੇ ਕਾਰਨ ਕਈ ਚੀਜ਼ਾਂ ਦੀ ਜਮਾਂਖੋਰੀ ਦੀ ਸਥਿਤੀ ਪੈਦਾ ਹੋ ਗਈ ਹੈ, ਜਿਸ ਨੂੰ ਸਰਕਾਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਜਿਹਾ ਕਰਨਾ ਗਲਤ ਹੈ ਅਤੇ ਕਿਸੇ ਵੀ ਚੀਜ਼ ਦੀ ਸਪਲਾਈ ‘ਤੇ ਕੋਈ ਅਸਰ ਨਹੀਂ ਹੋਇਆ ਹੈ।