ਟੋਰਾਂਟੋ: ਬੈਂਕ ਆਫ਼ ਕੈਨੇਡਾ ਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਨਾਮਵਰ ਅਰਥ ਸ਼ਾਸਤਰੀ ਮਾਰਕ ਕਾਰਨੀ (60) ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਰਾਜਧਾਨੀ ਓਟਾਵਾ ਵਿਖੇ ਅਹੁਦਾ ਸੰਭਾਲ ਲਿਆ। ਇਸ ਬਾਰੇ ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੀ ਅਗਵਾਈ ’ਚ ਰੀਡੂ ਹਾਲ ਵਿਖੇ ਸਹੁੰ-ਚੁੱਕ ਸਮਾਗਮ ਹੋਇਆ, ਜਿਸ ‘ਚ ਬੀਤੇ 9 ਸਾਲ ਤੇ ਚਾਰ ਕੁ ਮਹੀਨੇ ਦੇਸ਼ ਦੇ 23ਵੇਂ ਪ੍ਰਧਾਨ ਮੰਤਰੀ ਰਹੇ ਜਸਟਿਨ ਟਰੂਡੋ ਵੀ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਟਰੂਡੋ ਦੇ ਅਸਤੀਫ਼ੇ ਨਾਲ ਉਨ੍ਹਾਂ ਦੇ 37 ਮੰਤਰੀਆਂ ਵਾਲੇ ਮੰਤਰੀ ਮੰਡਲ ਦੀ ਮਿਆਦ ਵੀ ਖਤਮ ਹੋ ਗਈ। ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ’ਚ ਮੰਤਰੀਆਂ ਦੀ ਗਿਣਤੀ 23 ਤੱਕ ਸੀਮਤ ਰੱਖਦੇ ਹੋਏ ਕੁਝ ਨਵੇਂ ਮੰਤਰੀ ਸ਼ਾਮਿਲ ਕੀਤੇ ਹਨ ਅਤੇ ਟਰੂਡੋ ਦੇ ਕੁਝ ਮੰਤਰੀਆਂ ਦੇ ਅਹੁਦੇ ਬਦਲੇ ਗਏ ਹਨ। ਕਾਰਨੀ ਦੀ ਘੱਟ-ਗਿਣਤੀ ਸਰਕਾਰ ਨੂੰ ਇਸ ਸਮੇਂ ਆਰਜੀ ਸਰਕਾਰ ਸਮਝਿਆ ਜਾ ਰਿਹਾ, ਜਿਸ ਵਾਸਤੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਵਪਾਰਕ ਜੰਗ ਸਭ ਤੋਂ ਵੱਡੀ ਚੁਣੌਤੀ ਹੈ। ਤਿੱਖੀ ਹੋ ਰਹੀ ਵਪਾਰਕ ਜੰਗ ਨਾਲ ਕੈਨੇਡਾ ’ਚ ਕਾਰੋਬਾਰਾਂ ਦੀ ਮੰਦੀ ਅਤੇ ਰੁਜ਼ਗਾਰ ਦਾ ਸੰਕਟ ਪੈਦਾ ਹੋਣ ਦੀਆਂ ਕਿਆਸ ਅਰਾਈਆਂ ਸਿਖਰਾਂ ‘ਤੇ ਹਨ। ਕਾਰਨੀ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ ਕੈਨੇਡਾ ਦੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੂੰ ਕੈਨੇਡਾ ਦੀ ਹੋਂਦ ਅਤੇ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਤਿਕਾਰ ਕਰਨਾ ਪਵੇਗਾ।
ਟਰੂਡੋ ਨੇ ਦੇਸ਼ ਵਾਸੀਆਂ ਲਈ ਆਪਣੇ ਆਖਰੀ ਸੰਦੇਸ਼ ‘ਚ ਬੀਤੇ ਕੱਲ੍ਹ ਕਿਹਾ ਕਿ ਉਹ ਮਾਣਮੱਤੇ ਕੈਨੇਡੀਅਨ ਹਨ ਅਤੇ ਹਰੇਕ ਨਾਗਰਿਕ ਤੋਂ ਆਸ ਰੱਖਦੇ ਹਨ ਕਿ ਉਹ ਕੈਨੇਡੀਅਨ ਹੋਣ ’ਤੇ ਮਾਣ ਕਰਦੇ ਰਹਿਣਗੇ। ਕਾਰਨੀ ਨੇ ਮਾਰਕ ਮਿੱਲਰ ਨੂੰ ਮੰਤਰੀ ਮੰਡਲ ’ਚ ਸ਼ਾਮਿਲ ਨਹੀਂ ਕੀਤਾ ਅਤੇ ਰਾਚੇਲ ਬੇਂਡਿਯਾਨ ਨੂੰ ਦੇਸ਼ ਦੀ ਇਮੀਗ੍ਰੇਸ਼ਨ, ਸ਼ਰਨਾਰਥੀ, ਨਾਗਰਿਕਤਾ ਮੰਤਰੀ ਬਣਾਇਆ ਹੈ। ਲੋਕਾਂ ਦੇ ਵੱਡੇ ਗੁੱਸੇ ਦਾ ਕਾਰਨ ਟਰੂਡੋ ਵਲੋਂ ਲਗਾਇਆ ਗਿਆ ਕਾਰਬਨ ਟੈਕਸ ਰਿਹਾ ਹੈ ਅਤੇ ਉਸ ਟੈਕਸ ਦੀ ਪੁਸ਼ਤਪਨਾਹੀ ਕਰਨ ਵਾਲੇ ਵਾਤਾਵਰਨ ਮੰਤਰੀ ਸਟੀਵਨ ਗਿਲਬੋਲਟ ਦਾ ਮੰਤਰਾਲਾ ਬਦਲ ਕੇ ਵਿਰਾਸਤ ਵਿਭਾਗ ਕਰ ਦਿੱਤਾ ਗਿਆ ਹੈ।
ਵਿੱਤ ਮੰਤਰੀ ਡੋਮੀਨੀਕ ਲੇਬਲਾਂਕ ਨੂੰ ਅੰਤਰਰਾਸ਼ਟਰੀ ਵਪਾਰ ਮੰਤਰੀ ਬਣਾਇਆ ਗਿਆ ਹੈ। ਫਰਾਂਸੁਆ ਫਿਿਲਪ ਸ਼ੈਂਪੇਨ ਨੂੰ ਵਿੱਤ ਮੰਤਰਾਲਾ ਸੌਂਪਿਆ ਗਿਆ ਹੈ। ਕਾਰਨੀ ਦੇ ਖ਼ਿਲਾਫ਼ ਪਾਰਟੀ ਆਗੂ ਦੀ ਚੋਣ ਉਮੀਦਵਾਰ ਰਹੀ ਕ੍ਰਿਸਟੀਆ ਫਰੀਲੈਂਡ ਨਵੀਂ ਸਰਕਾਰ ‘ਚ ਆਵਾਜਾਈ ਮੰਤਰੀ ਹੋਣਗੇ¢ ਬਿੱਲ ਬਲੇਅਰ ਦੇਸ਼ ਦੇ ਰੱਖਿਆ ਮੰਤਰੀ ਬਣੇ ਰਹਿਣਗੇ।
ਅੰਦਰੂਨੀ ਵਪਾਰ ਮੰਤਰੀ ਇੰਦਰਾ ਅਨੀਤਾ ਆਨੰਦ ਦਾ ਵਿਭਾਗ ਬਦਲ ਕੇ ਉਨ੍ਹਾਂ ਨੂੰ ਉਦਯੋਗ, ਕਾਢ, ਸਾਇੰਸ ਮੰਤਰੀ ਬਣਾਇਆ ਗਿਆ ਹੈ। ਕਮਲ ਖਹਿਰਾ ਨੂੰ ਸਿਹਤ ਮੰਤਰਾਲਾ ਦਿੱਤਾ ਗਿਆ ਹੈ। ਰੂਬੀ ਸਹੋਤਾ ਤੇ ਹਰਜੀਤ ਸਿੰਘ ਸੱਜਣ ਨੂੰ ਕਾਰਨੀ ਨੇ ਕੈਬਨਿਟ ’ਚ ਨਹੀਂ ਲਿਆ। ਇਹ ਵੀ ਕਿ ਅਮਰੀਕਾ ਨਾਲ ਦੂਰੀਆਂ ਵਧਣ ਕਾਰਨ ਕੈਨੇਡਾ ਸਰਕਾਰ ਯੂਰਪੀ ਦੇਸ਼ਾਂ ਨਾਲ ਨੇੜਤਾ ਵਧਾ ਰਹੀ ਅਤੇ ਕਾਰਨੀ ਅਗਲੇ ਹਫ਼ਤੇ ਫਰਾਂਸ ਤੇ ਬਰਤਾਨੀਆ ਦੇ ਦੌਰੇ ‘ਤੇ ਜਾ ਰਹੇ ਹਨ।