ਬੰਗਲੂਰੂ: ਨਾਸਾ ਅਤੇ ਸਪੇਸਐਕਸ ਵੱਲੋਂ ਬੁੱਧਵਾਰ ਨੂੰ ਪੁਲਾੜ ਵਿਚ ਭੇਜੇ ਜਾਣੇ ਵਾਲੇ ਨਵੇਂ Crew-10 ਮਿਸ਼ਨ ਦੀ ਉਡਾਨ ਨੂੰ ਐਨ ਮੌਕੇ ‘ਤੇ ਰੋਕ ਦਿੱਤਾ ਗਿਆ। ਇਸ ਮਿਸ਼ਨ ਦੇ ਦੌਰਾਨ ਨੌਂ ਮਹੀਨੇ ਤੋਂ ਪੁਲਾੜ ਵਿੱਚ ਫਸੇ ਅਮਰੀਕੀ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਧਰਤੀ ’ਤੇ ਵਾਪਸੀ ਹੋਣੀ ਸੀ। ਸਪੇਸਐਕਸ SpaceX ਨੇ ਤਕਨੀਕੀ ਕਾਰਨਾਂ ਕਰਕੇ ਇਸ ਉਡਾਨ ਨੂੰ ਰੋਕ ਦਿੱਤਾ।
ਨਾਸਾ ਦੇ ਅਨੁਸਾਰ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸ਼ੁਰੂ ਹੋਣ ਵਾਲੀ ਫਾਲਕਨ-9 ਰਾਕੇਟ ਦੀ ਉਡਾਨ ਨੂੰ ਹਾਈਡ੍ਰੌਲਿਕ ਸਿਸਟਮ ਵਿੱਚ ਆਈ ਖ਼ਰਾਬੀ ਕਾਰਨ ਰੋਕਿਆ ਗਿਆ ਹੈ। ਹੁਣ ਇਸ ਮਿਸ਼ਨ ਨੂੰ 14 ਮਾਰਚ (ਭਾਰਤੀ ਸਮੇਂ ਦੇ ਅਨੁਸਾਰ) ਨੂੰ ਲਾਂਚ ਕਰਨ ਦੀ ਸੰਭਾਵਨਾ ਹੈ। ਬੋਇੰਗ ਦੇ ਖਰਾਬ ਸਟਾਰਲਾਈਨਰ ਵਿੱਚ ਫਸੇ ਰਹੇ ਵਿਲੀਅਮਜ਼ ਅਤੇ ਵਿਲਮੋਰ
ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਪਿਛਲੇ ਸਾਲ ਜੂਨ ਵਿੱਚ ਬੋਇੰਗ ਦੇ ਸਟਾਰਲਾਈਨਰ ਕੈਪਸੂਲ ਰਾਹੀਂ ਸਪੇਸ ਸਟੇਸ਼ਨ ਗਏ ਸਨ, ਪਰ ਸਟਾਰਲਾਈਨਰ ਵਿੱਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਨਾਸਾ ਨੇ ਇਸਨੂੰ ਅਸੁਰੱਖਿਅਤ ਮੰਨਦਿਆਂ ਵਾਪਸੀ ਦੀ ਇਜਾਜ਼ਤ ਨਹੀਂ ਸੀ ਦਿੱਤੀ। ਜਿਸ ਕਾਰਨ ਦੋਹਾਂ ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ’ਤੇ ਹੀ ਰੁਕਣਾ ਪਿਆ। ਇਸ ਦੇਰੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਨੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਪ੍ਰਸ਼ਾਸਕੀ ਨੀਤੀਆਂ ਨੂੰ ਜ਼ਿੰਮੇਵਾਰ ਠਹਰਾਇਆ ਹੈ।
ਪੁਲਾੜ ਵਿਚ ਵਿੱਚ ਨੌਂ ਮਹੀਨੇ ਬਿਤਾਉਣ ਤੋਂ ਬਾਅਦ ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੀ ਵਾਪਸੀ 17 ਮਾਰਚ ਨੂੰ ਹੋ ਸਕਦੀ ਹੈ। ਇਸ ਦਿਨ ਸਾਲ ਦਾ ਪਹਿਲਾ ਚੰਦਰਮਾ ਗ੍ਰਹਿਣ ਵੀ ਲੱਗੇਗਾ, ਹਾਲਾਂਕਿ ਇਹ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਵਿਲੀਅਮਜ਼ ਨੇ 4 ਮਾਰਚ ਨੂੰ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਉਹ ਆਪਣੀ ਪਰਿਵਾਰ ਅਤੇ ਪਾਲਤੂ ਕੁੱਤਿਆਂ ਨਾਲ ਮਿਲਣ ਲਈ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ, “ਅਸੀਂ ਇੱਥੇ ਆਪਣੇ ਮਿਸ਼ਨ ‘ਤੇ ਹਾਂ, ਪਰ ਮੇਰੇ ਪਰਿਵਾਰ ਲਈ ਇਹ ਯਾਤਰਾ ਹੋਰ ਵੀ ਔਖੀ ਰਹੀ ਹੋਵੇਗੀ।”