ਟੋਰਾਂਟੋ: ਕੈਨੇਡਾ ਬਾਰਡਰ ਸਰਵਿਿਸਜ਼ ਏਜੰਸੀ (ਸੀ.ਬੀ.ਐਸ.ਏ.) ਦੇ ਅਧਿਕਾਰੀਆਂ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਐਂਟਰੀ ਦੇਣ ਜਾਂ ਮਨ੍ਹਾਂ ਕਰਨ ਅਤੇ ਕੱਢੇ ਜਾਣ ਦਾ ਸਿਲਸਿਲਾ ਸਾਰਾ ਸਾਲ ਜਾਰੀ ਰੱਖਿਆ ਜਾਂਦਾ ਹੈ। ਸੀ.ਬੀ.ਐਸ.ਏ. ਦੇ 2019 ਤੋਂ 2024 ਤੱਕ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ‘ਚੋਂ ਕੱਢੇ ਜਾਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਮੈਕਸੀਕੋ ਤੋਂ ਬਾਅਦ ਲਗਾਤਾਰ ਦੂਸਰੇ ਨੰਬਰ ’ਤੇ ਬਰਕਰਾਰ
ਹੈ।
2024 ਵਿਚ 16,860 ਵਿਦੇਸ਼ੀ ਕੈਨੇਡਾ ’ਚੋਂ ਕੱਢੇ ਗਏ ਸਨ। ਜਿਨ੍ਹਾਂ ’ਚ 1932 ਭਾਰਤੀ ਸਨ ਜਦਕਿ 2019 ਵਿਚ ਭਾਰਤੀਆਂ ਦੀ ਇਹ ਗਿਣਤੀ 632 ਸੀ। ਪਾਕਿਸਤਾਨੀਆਂ ਨੂੰ ਕੈਨੇਡਾ ’ਚੋਂ ਕੱਢਣ ਲਈ 2020 ਦੌਰਾਨ ਅੰਕੜਾ ਇਕਦਮ 1011 ’ਤੇ ਪੁੱਜ ਗਿਆ ਸੀ ਜਦਕਿ 2019 ਵਿਚ 273 ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤੇ 2024 ਵਿਚ ਇਹ ਅੰਕੜਾ 392
ਰਿਹਾ।
ਭਾਰਤ ਦੇ ਕਿਸੇ ਹੋਰ ਗੁਆਂਢੀ ਦੇਸ਼ ਦੇ ਨਾਗਰਿਕਾਂ ਨੂੰ ਕੈਨੇਡਾ ’ਚੋਂ ਕੱਢੇ ਜਾਣ ਦੀ ਗਿਣਤੀ ਜ਼ਿਕਰਯੋਗ (ਵੱਡੀ) ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹੀਂ ਦਿਨੀਂ ਸੀ.ਬੀ.ਐਸ.ਏ. ਵਲੋਂ 30,000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ’ਚੋਂ ਕੱਢਣ ਦੀ ਕਾਰਵਾਈ ਜਾਰੀ ਹੈ, ਜਿਨ੍ਹਾਂ ’ਚ 4947 ਭਾਰਤੀ ਅਤੇ 828 ਪਾਕਿਸਤਾਨੀ ਹਨ¢ ਕੈਨੇਡਾ ਤੋਂ ਮੋੜੇ ਜਾਣ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਵਿਦੇਸ਼ੀਆਂ ’ਚ 1256 ਵਿਅਕਤੀ ਅਜਿਹੇ ਹਨ, ਜਿਨ੍ਹਾਂ ਨੂੰ ਮੁਲਜ਼ਮ ਹੋਣ ਕਰਕੇ ਦੇਸ਼ ’ਚੋਂ ਕੱਢਿਆ ਜਾ ਰਿਹਾ ਹੈ।
ਇਸ ਦੇ ਮੁਕਾਬਲੇ ਸ਼ਰਨਾਰਥੀ ਦਰਜਾ ਨਾ ਮਿਲਣ ਕਾਰਨ ਕੈਨੇਡਾ ਛੱਡਣ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗਿਣਤੀ 27,140 ਹੈ। ਇਮੀਗ੍ਰੇਸ਼ਨ ਤੇ ਵੀਜ਼ਾ ਅਧਿਕਾਰੀਆਂ ਨੂੰ ਗੁਮਰਾਹ ਕਰਨ (ਝੂਠ) ਕਰਕੇ 412 ਵਿਅਕਤੀਆਂ ਨੂੰ ਦੇਸ਼ ਨਿਕਾਲੇ ਦੇ ਹੁਕਮ ਹੋਏ ਹਨ। ਸੀ.ਬੀ.ਐਸ.ਏ. ਦਾ ਇਕ ਅੰਕੜਾ ਇਹ ਵੀ ਹੈ ਕਿ 1813 ਅਮਰੀਕੀ ਨਾਗਰਿਕਾਂ ਖਿਲਾਫ਼ ਵੀ ਕੈਨੇਡਾ ਤੋਂ ਕੱਢੇ ਜਾਣ ਦੀ ਕਾਰਵਾਈ ਚੱਲ ਰਹੀ ਹੈ।
ਕੰਪਿਊਟਰ ਸਿਸਟਮ ਦੀ ਸਾਂਝ ਹੋਣ ਕਾਰਨ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ’ਚ ਸ਼ਰਾਬੀ ਹੋ ਕੇ ਗੱਡੀ ਚਲਾਉਣ ਦੇ ਕੇਸਾਂ ਵਿਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਨੂੰ ਵੀ ਕੈਨੇਡਾ ਵਿਚ ਦਾਖਲੇ ਤੋਂ ਨਾਂਹ ਕਰਨਾ ਸੰਭਵ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਉਨ੍ਹਾਂ ਕੋਲ ਲਗਭਗ 20 ਲੱਖ ਵਿਦੇਸ਼ੀਆਂ ਦੀਆਂ ਵੀਜ਼ਾ ਅਰਜ਼ੀਆਂ ਵਿਚਾਰ ਅਧੀਨ ਹਨ, ਪਰ ਇਸੇ ਦੌਰਾਨ ਕੈਨੇਡਾ ਸਰਕਾਰ ਵਲੋਂ ਸਟੱਡੀ, ਵਰਕ, ਅਤੇ ਵਿਜ਼ਟਰ ਵੀਜ਼ਾ ਦੀ ਸਖ਼ਤੀ ਕਰਨ ਤੋਂ ਬਾਅਦ ਭਾਰਤ ਤੋਂ ਕੈਨੇਡਾ ’ਚ ਪੁੱਜਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ
ਹੈ।