ਸਰਨਾ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ

0
53

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥਕ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਅਕਾਲੀ ਦਲ ਦੇ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਨਾ ਨੇ ਕਿਹਾ ਕਿ ਬੁੱਧਵਾਰ ਨੂੰ ਦਿੱਲੀ ’ਚ ਕੀਤੀ ਗਈ ਪੰਥਕ ਕਨਵੈਨਸ਼ਨ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭਾਜਪਾ ਦੇ ਇਸ਼ਾਰੇ ‘ਤੇ ਨੁਕਸਾਨ ਪਹੁੰਚਾਉਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਤੇ ਆਰਐੱਸਐੱਸ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਸਾਬਕਾ ਪ੍ਰਧਾਨਾਂ ਦੀ ਮੀਟਿੰਗ ਦਿੱਲੀ ਗੁਰਦੁਆਰਾ ਕਮੇਟੀ ਦਾ ਸਕੂਲ 500 ਕਰੋੜ ਰੁਪਏ ‘ਚ ਵੇਚੇ ਜਾਣ ਦੇ ਮਾਮਲੇ ‘ਤੇ ਸੱਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਸਾਹਮਣੇ ਆਇਆ
ਕਿ ਜੀ.ਕੇ. ਦੇ ਹਸਤਾਖ਼ਰ ਜਾਅਲੀ ਹਨ ਤੇ ਦਿੱਲੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੱਤਰ ਦੀ ਦੁਰਵਰਤੋਂ ਕੀਤੀ ਹੈ ਤਾਂ ਜਥੇਦਾਰ ਨੇ ਮਾਮਲੇ ਦੀ ਜਾਂਚ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕਹੀ ਪਰ ਇਹ ਕਮੇਟੀ ਕਦੇ ਵੀ ਬਣਾਈ ਹੀ ਨਹੀਂ ਗਈ। ਸਰਨਾ ਨੇ ਕਿਹਾ ਕਿ ਦਿੱਲੀ ਚੋਣਾਂ ‘ਚ ਜਿੱਤ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਿਰੋਪਾਓ ਦੇ ਕੇ ਮਨਜਿੰਦਰ ਸਿੰਘ ਸਿਰਸਾ ਦਾ ਸਨਮਾਨ ਕੀਤਾ ਹਾਲਾਂਕਿ ਜਥੇਦਾਰ ਸਾਹਿਬ ਨੇ ਖੁਦ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਹਾਜ਼ਰ ਸਿਰਸਾ ਨੂੰ ਪਤਿਤ ਕਹਿ ਕੇ ਪਾਸੇ ਕੀਤਾ ਸੀ। ਸਰਨਾ ਨੇ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੱਦ ਕੇ ਅਕਾਲੀ ਦਲ ਦੇ ਇਕ ਧੜੇ ਦੇ ਪ੍ਰਧਾਨ ਵਜੋਂ ਅਸਤੀਫਾ ਦੇਣ ਦੀ ਗੱਲ ਕਹੀ ਸੀ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਉਹ ਹੋਰਨਾਂ ਨੂੰ ਵੀ ਅਸਤੀਫਾ ਦੇਣ ਵਾਸਤੇ ਆਖ ਰਹੇ ਹਨ ਤਾਂ ਜੋ ਅਕਾਲੀ

ਦਲ ਨੂੰ ਇਕਜੁੱਟ ਕਰਕੇ ਇਸਦਾ ਪ੍ਰਧਾਨ ਚੁਣਿਆ ਜਾ ਸਕੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੱਲ੍ਹ ਸੱਦੀ ਗਈ ਅਖੌਤੀ ਪੰਥਕ ਕਾਨਫਰੰਸ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਾਨਫਰੰਸ ਵਿਚ ਸ਼ਾਮਲ ਹੋਣ ਵਾਸਤੇ ਲੋਕ ਤਿਆਰ ਨਹੀਂ ਸਨ ਜਿਸ ਕਾਰਣ ਦਿੱਲੀ ਗੁਰਦੁਆਰਾ ਕਮੇਟੀ ਦੇ ਸਟਾਫ ਨੂੰ ਮਜਬੂਰਨ ਪ੍ਰੋਗਰਾਮ ਵਿਚ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਐੱਨਐੱਸਏ ਤਹਿਤ ਬੰਦੀ ਬਣਾਏ ਲੋਕਾਂ ਤੇ ਬੰਦੀ ਸਿੰਘਾਂ ਜਿਨ੍ਹਾਂ ਦੀ ਰਿਹਾਈ ਦਾ ਕੇਂਦਰ ਸਰਕਾਰ ਨੇ 2019 ‘ਚ ਵਾਅਦਾ ਕੀਤਾ ਸੀ, ਸਮੇਤ ਕੋਈ ਵੀ ਪੰਥਕ ਮੁੱਦਾ ਕਾਨਫਰੰਸ ‘ਚ ਵਿਚਾਰਿਆ ਨਹੀਂ ਗਿਆ।