ਵਿਕਟੋਰੀਆ – ਸੂਬਾ ਪ੍ਰਿਸਕਰਾਈਬ ਕੀਤੇ ਜਾਂਦੇ ਓਪੀਔਇਡਜ਼ ਦੇ ‘ਡਾਇਵਰਯਨ’ (ਜਦੋਂ ਦਵਾਈਆਂ ਉਹਨਾਂ ਦੀ ਉਦੇਸ਼ਿਤ ਵਰਤੋਂ ਦੀ ਬਜਾਏ ਨਿੱਜੀ ਵਰਤੋਂ ਜਾਂ ਤਸਕਰੀ ਲਈ ਵਰਤੀਆਂ ਜਾਂਦੀਆਂ ਹਨ) ਨੂੰ ਰੋਕਣ ਲਈ ਕਾਰਵਾਈ ਕਰ ਰਿਹਾ ਹੈ ਅਤੇ ਲੋਕਾਂ ਅਤੇ ਭਾਈਚਾਰਿਆਂ ਨੂੰ ਖਤਰੇ ਵਿੱਚ ਪਾਉਣ ਲਈ ਗਲਤ ਵਿਅਕਤੀਆਂ ਨੂੰ ਜਵਾਬਦੇਹ ਠਹਿਰਾ ਰਿਹਾ ਹੈ।
‘ਪ੍ਰਿਸਕਰਾਈਬਡ ਔਲਟਰਨੇਟਿਵਜ਼ ਪ੍ਰੋਗਰਾਮ’ ਜ਼ਹਿਰੀਲੇ ਸਟ੍ਰੀਟ ਡਰੱਗਜ਼ (ਸੜਕਾਂ ‘ਤੇ ਤਸਕਰੀ ਰਾਹੀਂ ਉਪਲਬਧ ਨਸ਼ੀਲੇ ਪਦਾਰਥ ਜਿਨ੍ਹਾਂ ਵਿੱਚ ਮਿਲਾਵਟ ਹੋ ਸਕਦੀ ਹੈ ਜਾਂ ਜ਼ਹਿਰੀਲੇ ਹੋ ਸਕਦੇ ਹਨ) ਅਤੇ ਖਤਰਨਾਕ ਡਰੱਗ ਡੀਲਰਾਂ ਤੋਂ ਓਵਰਡੋਜ਼ ਦੇ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਨੂੰ ਵੱਖ ਕਰਕੇ ਜ਼ਿੰਦਗੀਆਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ। ਇਹ ਜ਼ਹਿਰੀਲੇ ਨਸ਼ਿਆਂ ਦੇ ਸੰਕਟ ਨੂੰ ਹੱਲ ਕਰਨ ਲਈ ਸੂਬੇ ਦੇ ਕੰਮ ਦਾ ਇੱਕ ਹਿੱਸਾ ਹੈ, ਜਿਸ ਵਿੱਚ ਇਲਾਜ ਅਤੇ ਰਿਕਵਰੀ ਸੇਵਾਵਾਂ ਦਾ ਵਿਸਤਾਰ, ਸ਼ੁਰੂਆਤੀ ਦਖਲਅੰਦਾਜ਼ੀ ਅਤੇ ਰੋਕਥਾਮ, ਸੁਪੋਰਟਿਵ ਹਾਊਸਿੰਗ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
“ਅਸੀਂ ਜ਼ਿੰਦਗੀਆਂ ਬਚਾਉਣ ਅਤੇ ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਨੂੰ ਲੋੜੀਂਦਾ ਇਲਾਜ ਉਪਲਬਧ ਕਰਵਾਉਣ ਲਈ ਵਚਨਬੱਧ ਹਾਂ,” ਸਿਹਤ ਮੰਤਰੀ, ਜੋਜ਼ੀ ਔਸਬੋਰਨ ਨੇ ਕਿਹਾ। “ਇਸ ਕੰਮ ਦੌਰਾਨ, ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਦਵਾਈਆਂ, ਜਿਵੇਂ ਕਿ ਪ੍ਰਿਸਕਰਾਈਬ ਕੀਤੇ ਵਿਕਲਪ, ਸਹੀ ਵਿਅਕਤੀ ਦੁਆਰਾ ਲਏ ਜਾ ਰਹੇ ਹਨ। ਓਵਰਡੋਜ਼ ਦੇ ਉੱਚ ਜੋਖਮ ਵਾਲੇ ਲੋਕਾਂ ਲਈ ਪ੍ਰਿਸਕਰਾਈਬ ਕੀਤੇ ਵਿਕਲਪਾਂ ਨੇ, ਹੋਰ ਸੁਰੱਖਿਅਤ ਵਿਕਲਪ ਪ੍ਰਦਾਨ ਕਰਕੇ ਜ਼ਿੰਦਗੀਆਂ ਬਚਾਉਣ ਦਾ ਪ੍ਰਮਾਣ ਦਿੱਤਾ ਹੈ। ਅਸੀਂ ਇਹ ਮੰਗ ਕਰ ਰਹੇ ਹਾਂ ਕਿ ਪ੍ਰਿਸਕਰਾਈਬ ਕੀਤੇ ਵਿਕਲਪਾਂ ਦੀ ਵਰਤੋਂ ਕਿਸੇ ਸਿਹਤ ਪੇਸ਼ੇਵਰ ਦੀ ਦੇਖ-ਰੇਖ ਵਿੱਚ ਕੀਤੀ ਜਾਵੇ। ਇਸ ਨਾਲ ਇਨ੍ਹਾਂ ਦਵਾਈਆਂ ਦੇ ਗੈਂਗਾਂ ਅਤੇ ਸੰਗਠਿਤ ਅਪਰਾਧ ਦੇ ਹੱਥਾਂ ਵਿੱਚ ਜਾਣ ਦਾ ਖਤਰਾ ਦੂਰ ਹੋ ਜਾਵੇਗਾ।“
ਸੂਬਾ ‘ਪ੍ਰਿਸਕਰਾਈਬਡ ਔਲਟਰਨੇਟਿਵਜ਼ ਪ੍ਰੋਗਰਾਮ’ ਵਿੱਚ ਸੋਧ ਕਰ ਰਿਹਾ ਹੈ ਤਾਂ ਜੋ ਇਹ ਲੋੜੀਂਦਾ ਹੋਵੇ ਕਿ ਸਾਰੇ ਪ੍ਰਿਸਕਰਾਈਬ ਕੀਤੇ ਵਿਕਲਪਾਂ ਦੀ ਵਰਤੋਂ ਸਿਹਤ ਪੇਸ਼ੇਵਰਾਂ ਦੀ ਨਿਗਰਾਨੀ ਵਿੱਚ ਹੋਵੇ, ਤਾਂ ਕੀ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਵਰਤੋਂ ਸਹੀ ਵਿਅਕਤੀ ਦੁਆਰਾ ਕੀਤੀ ਜਾ ਰਹੀ ਹੈ। ਇਹ ਲੋੜ ਨਵੇਂ ਮਰੀਜ਼ਾਂ ਲਈ ਤੁਰੰਤ ਲਾਗੂ ਕੀਤੀ ਜਾਵੇਗੀ। ਸੂਬਾ ਦੇਖਭਾਲ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦੇ ਹੋਏ, ਮੌਜੂਦਾ ਮਰੀਜ਼ਾਂ ਨੂੰ ਜਿੰਨੀ ਜਲਦੀ ਹੋ ਸਕੇ ਨਿਗਰਾਨੀ ਹੇਠ ਵਰਤੋਂ ਵਿੱਚ ਤਬਦੀਲ ਕਰਨ ਲਈ ਡਾਕਟਰਾਂ ਨਾਲ ਕੰਮ ਕਰੇਗਾ।
2024 ਤੋਂ, ਸਿਹਤ ਮੰਤਰਾਲੇ ਦਾ ‘ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ’ ਅਤੇ ਕਨੂੰਨ ਲਾਗੂ ਕਰਨ ਵਾਲਿਆਂ ਦੇ ਸਹਿਯੋਗ ਨਾਲ, ਗੈਰ-ਕਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਾਲੀਆਂ ਫਾਰਮੇਸੀਆਂ ਦੀ ਜਾਂਚ ਕਰ ਰਿਹਾ ਹੈ, ਜਿਸ ਵਿੱਚ ਮਰੀਜ਼ਾਂ ਨੂੰ ਆਕਰਸ਼ਿਤ ਕਰਨ ਵਾਸਤੇ ਪ੍ਰੋਤਸਾਹਨ ਦੀ ਪੇਸ਼ਕਸ਼ ਕਰਨ ਲਈ ‘ਫੀਸ-ਫੌਰ-ਸਰਵਿਸ’ ਭੁਗਤਾਨ ਦੀ ਦੁਰਵਰਤੋਂ ਕਰਨਾ ਸ਼ਾਮਲ ਹੈ। ਹੁਣ ਤੱਕ ਸਿਹਤ ਮੰਤਰਾਲੇ ਨੂੰ 60 ਤੋਂ ਵੱਧ ਫਾਰਮੇਸੀਆਂ ‘ਤੇ ਦੋਸ਼ ਲੱਗੇ ਮਿਲੇ ਹਨ। ਅਜਿਹੇ ਮਾਮਲਿਆਂ ਵਿੱਚ ਜਿੱਥੇ ਗਲਤ ਕੰਮ ਦੀ ਪੁਸ਼ਟੀ ਕੀਤੀ ਜਾਂਦੀ ਹੈ, ਸਿਹਤ ਮੰਤਰਾਲਾ, ‘ਕਾਲਜ ਔਫ ਫਾਰਮੇਸਿਸਟਸ ਔਫ ਬੀ ਸੀ’ ਦੇ ਨਾਲ ਤਾਲਮੇਲ ਕਰਕੇ, ਇਹ ਯਕੀਨੀ ਬਣਾਏਗਾ ਕਿ ਫਾਰਮੇਸੀ ਦਾ ਲਾਇਸੈਂਸ ਮੁਅੱਤਲ ਜਾਂ ਰੱਦ ਕਰ ਦਿੱਤਾ ਜਾਵੇ, ਉਹ ਫਾਰਮਾਕੇਅਰ ਨੂੰ ਬਿੱਲ ਦੇਣ ਲਈ ਅਯੋਗ ਹੋ ਜਾਣ ਅਤੇ ਲੋੜ ਮੁਤਾਬਕ ਕਨੂੰਨ ਦੇ ਹਵਾਲੇ ਕੀਤੇ ਜਾਣ।
ਸੂਬਾ ਸਿਹਤ-ਸੰਭਾਲ ਪ੍ਰਦਾਨਕਾਂ ਦੁਆਰਾ ਆਮ ਤੌਰ ‘ਤੇ ਓਪੀਔਇਡਜ਼ ਨੂੰ ਜ਼ਿਆਦਾ ਪ੍ਰਿਸਕਰਾਈਬ ਕਰਨ ਨੂੰ ਘਟਾਉਣ ਲਈ ਕਾਰਵਾਈ ਕਰਨ ਲਈ ਵੀ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। ਦਸੰਬਰ 2024 ਵਿੱਚ 97 ਲੋਕਾਂ, ਜਿਨ੍ਹਾਂ ਨੂੰ ਬੀ.ਸੀ. ਵਿੱਚ ਓਪੀਔਇਡ ਦਵਾਈ ਪ੍ਰਿਸਕਰਾਈਬ ਕੀਤੀ ਗਈ ਸੀ, ਨੇ ਇਸ ਨੂੰ ਪ੍ਰਿਸਕਰਾਈਬਡ ਵਿਕਲਪਾਂ ਨਾਲ ਸੰਬੰਧਤ ਕਾਰਨਾਂ ਕਰਕੇ ਨਹੀਂ ਲਿਆ ਸੀ, ਜਿਵੇਂ ਕਿ ਦਰਦ ਲਈ ਅਰਾਮ। ਸੂਬਾ ਓਪੀਔਇਡਜ਼ ਦੀ ਅਣਉਚਿਤ ਪ੍ਰਿਸਕਰਾਈਬ ਕਰਨ ਦੀ ਪ੍ਰਕਿਿਰਆ ਦੀ ਜਾਂਚ ਕਰਨ ਅਤੇ ਨਿਗਰਾਨੀ ਵਿੱਚ ਵਾਧੇ ਅਤੇ ਵਧੇਰੇ ਮਾਰਗਦਰਸ਼ਨ ਸਮੇਤ ਓਵਰ-ਪ੍ਰਿਸਕ੍ਰਿਪਸ਼ਨ ਨੂੰ ਘਟਾਉਣ ਲਈ ਕਾਰਵਾਈ ਕਰਨ ਲਈ ‘ਕਾਲਜ ਔਫ ਫਿਜ਼ੀਸ਼ੀਅਨਜ਼ ਐਂਡ ਸਰਜਨਜ਼’ ਅਤੇ ‘ਕਾਲਜ ਔਫ ਨਰਸਿਜ਼ ਅਤੇ ਮਿਡਵਾਈਵਜ਼’ ਇੱਕ ‘ਵਰਕਿੰਗ ਗਰੁੱਪ’ ਸਥਾਪਤ ਕਰੇਗਾ।