ਮੁੰਬਈ: ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸ਼ਰਾਬ ਨੀਤੀ ਤੇ ਪੈਸਿਆਂ ‘ਤੇ ਧਿਆਨ ਕੇਂਦ੍ਰਿਤ ਹੋਣ ਕਾਰਨ ਚੋਣਾਂ ਹਾਰ ਗਈ । ਉਹ ਲੋਕਾਂ ਦੀ ਬਿਨਾਂ ਸਵਾਰਥ ਸੇਵਾ ਕਰਨ ਦੇ ਆਪਣੇ ਫਰਜ਼ ਨੂੰ ਸਮਝਣ ‘ਚ ਵੀ ਅਸਫਲ ਰਹੀ। ਕੇਜਰੀਵਾਲ ‘ਤੇ ਟਿੱਪਣੀ ਕਰਦਿਆਂ ਭ੍ਰਿਸ਼ਟਾਚਾਰ ਵਿਰੋਧੀ ਕਾਰਕੁੰਨ ਨੇ ਸ਼ਨੀਵਾਰ ਕਿਹਾ ਕਿ ਉਮੀਦਵਾਰ ਦਾ ਚਰਿੱਤਰ ਸਾਫ਼ ਹੋਣਾ ਚਾਹੀਦਾ ਹੈ। ਉਸ ਨੂੰ ਕੁਰਬਾਨੀ ਦੇ ਗੁਣਾਂ ਦਾ ਪਤਾ ਹੋਣਾ ਚਾਹੀਦਾ ਹੈ।
2011 ‘ਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਹਜ਼ਾਰੇ ਨੇ ਕਿਹਾ ਕਿ ਸ਼ਰਾਬ ਨੀਤੀ ਦੇ ਮੁੱਦੇ ਨਾਲ ਪੈਸਾ ਆਇਆ ਤੇ ਉਹ ਇਸ ’ਚ ਡੁੱਬ ਗਏ। ਆਮ ਆਦਮੀ ਪਾਰਟੀ ਦਾ ਅਕਸ ਖਰਾਬ ਹੋ ਗਿਆ। ਲੋਕਾਂ ਨੇ ਵੇਖਿਆ ਕਿ ਅਰਵਿੰਦ ਕੇਜਰੀਵਾਲ ਜੋ ਪਹਿਲਾਂ ਸਾਫ਼-ਸੁਥਰੇ ਚਰਿੱਤਰ ਦੀ ਗੱਲ ਕਰਦੇ ਸਨ, ਫਿਰ ਸ਼ਰਾਬ ਨੀਤੀ ਬਾਰੇ ਕਰਨ ਲੱਗ ਪਏ।