ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨਾਂ ਵੱਲੋਂ ਤਨਖਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਸਰਕਾਰ ਵੇਲੇ ਕੀਤੇ ਗੁਨਾਹਾਂ ਲਈ ਤਿੰਨ ਦਿਨ ਭਾਂਡੇ ਮਾਂਜਣ, ਦਰਬਾਰ ਸਾਹਿਬ ਵਿਚਲੇ ਪਖਾਨਿਆਂ ਦੀ ਸਫ਼ਾਈ ਤੇ ਕੀਰਤਨ ਸਰਵਨ ਕਰਨ ਦੀ ਸੇਵਾ ਲਾਈ ਗਈ ਹੈ। ਸੁਖਬੀਰ ਬਾਦਲ ਦੇ ਵ੍ਹੀਲ ਚੇਅਰ ਉੱਤੇ ਹੋਣ ਕਰਕੇ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਬਿਰਧ ਅਵਸਥਾ ਨੂੰ ਦੇਖਦਿਆਂ ਉਨ੍ਹਾਂ ਨੂੰ ਪਖਾਨੇ ਸਾਫ਼ ਕਰਨ ਦੀ ਥਾਂ ਹਰਿਮੰਦਰ ਸਾਹਿਬ ਦੇ ਦਾਖਲਾ ਦੁਆਰ ਉੱਤੇ ਪਹਿਰੇਦਾਰ ਦੀ ਡਰੈੱਸ ਤੇ ਹੱਥ ਵਿਚ ਬਰਛਾ ਫੜ ਕੇ ਬੈਠਣ ਦੀ ਸੇਵਾ ਲਾਈ ਗਈ ਹੈ। ਸਿੰਘ ਸਾਹਿਬਾਨਾਂ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ‘ਫ਼ਖਰ-ਏ-ਕੌਮ’ ਦਾ ਖਿਤਾਬ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸਿੰਘ ਸਾਹਿਬਾਨਾਂ ਨੇ ਕਿਹਾ ਕਿ ਅਖੌਤੀ ਸਾਧ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ ਅਕਾਲ ਤਖ਼ਤ ਦੇ ਸਾਬਕਾ ਜਥੇਦਾਰਾਂ ’ਤੇ ਦਬਾਅ ਬਣਾਉਣ ਲਈ ਸੱਦੀ ਬੈਠਕ ਮੌਕੇ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਇਸੇ ਤਰ੍ਹਾਂ ਸਾਬਕਾ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁੱਖ ਸਿੰਘ ਖਿਲਾਫ਼ ਵੀ ਸਖ਼ਤ ਰੁਖ਼ ਅਖ਼ਤਿਆਰ ਕੀਤਾ ਗਿਆ ਹੈ। ਸਿੰਘ ਸਾਹਿਬਾਨ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਾਬਕਾ ਜਥੇਦਾਰ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਮਿਲਦੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੇ ਜਨਤਕ ਸਮਾਗ਼ਮਾਂ ਵਿਚ ਬੋਲਣ ʼਤੇ ਵੀ ਰੋਕ ਲਗਾਈ ਗਈ ਹੈ।ਸਾਬਕਾ ਜਥੇਦਾਰ ਤੇ ਅਕਾਲ ਤਖ਼ਤ ਦੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਫੌਰੀ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿੰਘ ਸਾਹਿਬਾਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਸੁਖਬੀਰ ਬਾਦਲ ਤੇ ਹੋਰਨਾਂ ਦੇ ਅਸਤੀਫ਼ੇ ਪ੍ਰਵਾਨ ਕਰਕੇ ਤਿੰਨ ਦਿਨਾਂ ’ਚ ਅਕਾਲ ਤਖ਼ਤ ਨੂੰ ਰਿਪੋਰਟ ਦੇੇਵੇ। ਇਸ ਦੌਰਾਨ ਗੁਨਾਹ ਕਬੂਲ ਕਰਨ ਵਾਲੇ ਸਾਰੇ ਆਗੂਆਂ ਦੇ ਗਲਾਂ ਵਿਚ ਤਖਤੀਆਂ ਵੀ ਪਾਈਆਂ ਗਈਆਂ। ਸੁਖਬੀਰ ਤੇ ਢੀਂਡਸਾ ਤੋਂ ਇਲਾਵਾ ਹੋਰਨਾਂ ਅਕਾਲੀ ਆਗੂਆਂ ਨੂੰ ਇਕ ਇਕ ਘੰਟੇ ਦਰਬਾਰ ਸਾਹਿਬ ਕੰਪਲੈਕਸ ਵਿਚਲੇ ਪਖਾਨਿਆਂ ਦੀ ਸਫ਼ਾਈ ਦੀ ਸੇਵਾ ਲਾਈ ਗਈ ਹੈ। ਡੇਰਾ ਸੱਚਾ ਸੌਦਾ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਅਤੇ ਹੀਰਾ ਸਿੰਘ ਗਾਬੜੀਆਂ ਕੋਲੋਂ ਵਿਆਜ ਸਮੇਤ ਭਰਪਾਈ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਪੇਸ਼ ਹੁੰਦਿਆਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ, ਅਕਾਲੀ ਸਰਕਾਰਾਂ ਦੌਰਾਨ ਭੁੱਲਾਂ ਹੋਣ ਤੇ ਗੋਲੀਕਾਂਡ ਦੇ ਗੁਨਾਹ ਕਬੂਲੇ। ਸੁਖਬੀਰ ਬਾਦਲ ਵ੍ਹੀਲ ਚੇਅਰ ਉੱਤੇ ਅਕਾਲ ਤਖ਼ਤ ਪਹੁੰਚੇ ਸਨ। ਅਕਾਲ ਤਖ਼ਤ ਅੱਗੇ ਸਪਸ਼ਟੀਕਰਨ ਦੇਣ ਮੌਕੇ ਸੁਖਬੀਰ ਬਾਦਲ ਵਾਕਰ ਦੇ ਸਹਾਰੇ ਖੜ੍ਹੇ ਰਹੇ। ਇਸ ਮੌਕੇ ਅਕਾਲੀ ਸਰਕਾਰ ਦੇ ਸਾਬਕਾ ਮੰਤਰੀ ਵੀ ਮੌਜੂਦ ਸਨ, ਜਿਨ੍ਹਾਂ ਦੋਸ਼ਾਂ ਨੂੰ ਲੈ ਕੇ ਆਪੋ ਆਪਣਾ ਸਪਸ਼ਟੀਕਰਨ ਦਿੱਤਾ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਉਸ ਵੇਲੇ ਅਕਾਲੀ ਸਰਕਾਰ ਦਾ ਹਿੱਸਾ ਹੋਣ ਕਰਕੇ ਗੁਨਾਹਗਾਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ, ‘‘ਅਸੀਂ ਸਾਰੇ ਕਸੂਰਵਾਰ ਹਾਂ।’’ ਉਂਝ ਭੁੰਦੜ ਨੇ ਕਿਹਾ ਕਿ ਰਾਮ ਰਹੀਮ ਨਾਲ ਮੀਟਿੰਗ ਦਾ ਬਿਰਤਾਂਤ ਝੂਠ ਸੀ। ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਕੈਬਨਿਟ ਤੇ ਕੋਰ ਕਮੇਟੀ ਨੂੰ ਇਕੋ ਸਜ਼ਾ ਲਾਈ ਜਾਵੇ।