ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਦੀ ਗੁੰਮਸ਼ੁਦਗੀ ਤੇ ਕਤਲ ਨਾਲ ਸਬੰਧਤ 33 ਸਾਲ ਪੁਰਾਣੇ ਕੇਸ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਦਰਜ ਸੱਜਰੀ ਐੱਫਆਈਆਰ ਵਿਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਐੱਮਐੱਮ ਸੁੰਦਰੇਸ਼ ਤੇ ਜਸਟਿਸ ਪੰਕਜ ਮਿੱਤਲ ਦੇ ਬੈਂਚ ਨੇ ਕਿਹਾ ਕਿ ਕੇਸ ਵਿਚ ਦਰਜ ਚਾਰਜਸ਼ੀਟ ਦਾਖ਼ਲ ਹੋ ਚੁੱਕੀ ਹੈ, ਲਿਹਾਜ਼ਾ ਉਹ ਇਸ ਪੜਾਅ ’ਤੇ ਐੱਫਆਈਆਰ ਵਿਚ ਦਖ਼ਲ ਨਹੀਂ ਦੇਣਾ ਚਾਹੇਗੀ। ਉਂਝ ਸਰਬਉੱਚ ਕੋਰਟ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 8 ਸਤੰਬਰ 2020 ਨੂੰ ਸੁਣਾਏ ਫੈਸਲੇ ਵਿਚ ਦਰਜ ਟਿੱਪਣੀਆਂ ਤੇ ਤੱਥ ਟਰਾਇਲ ਕੋਰਟ ਵਿਚ ਚੱਲ ਰਹੀ ਕਾਰਵਾਈ ’ਚ ਅੜਿੱਕਾ ਨਹੀਂ ਬਣਨਗੀਆਂ।