ਬੋਇੰਗ ਦਾ ਕੈਪਸੂਲ ਬਿਨਾਂ ਪੁਲਾੜ ਯਾਤਰੀਆਂ ਦੇ ਧਰਤੀ ’ਤੇ ਮੁੜਿਆ

0
672

ਨਿਊ ਮੈਕਸੀਕੋ: ਬੋਇੰਗ ਦਾ ਪਹਿਲਾ ਪੁਲਾੜ ਯਾਤਰੀ ਮਿਸ਼ਨ ਲੰਘੀ ਰਾਤ ਖਾਲੀ ਕੈਪਸੂਲ ਦੀ ਲੈਂਡਿੰਗ ਨਾਲ ਖਤਮ ਹੋ ਗਿਆ ਅਤੇ ਦੋ ਟੈਸਟ ਪਾਇਲਟ ਹਾਲੇ ਵੀ ਪੁਲਾੜ ਵਿੱਚ ਹਨ। ਉਹ ਅਗਲੇ ਸਾਲ ਤੱਕ ਲਈ ਉੱਥੇ ਰਹਿ ਗਏ ਹਨ ਕਿਉਂਕਿ ਨਾਸਾ ਨੇ ਉਨ੍ਹਾਂ ਦੀ ਵਾਪਸੀ ਨੂੰ ਬਹੁਤ ਜੋਖਮ ਭਰਿਆ ਮੰਨਿਆ ਹੈ। ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਨਿਕਲਣ ਮਗਰੋਂ ‘ਸਟਾਰਲਾਈਨਰ’ ਨਿਊ ਮੈਕਸੀਕੋ ਦੀ ਵਾਈਟ ਸੈਂਡਜ਼ ਮਿਜ਼ਾਈਲ ਰੇਂਜ ’ਚ ਪੈਰਾਸ਼ੂਟ ਰਾਹੀਂ ਹੇਠਾਂ ਆਇਆ ਅਤੇ ਆਟੋਪਾਇਲਟ ਰਾਹੀਂ ਰੇਗਿਸਤਾਨ ’ਚ ਉਤਰਿਆ।

ਇਹ ਨਾਟਕੀ ਘਟਨਾ ਦਾ ਅੰਤ ਸੀ, ਜੋ ਬੋਇੰਗ ਦੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮਿਸ਼ਨ ਦੇ ਜੂਨ ਵਿੱਚ ਲਾਂਚ ਹੋਣ ਨਾਲ ਸ਼ੁਰੂ ਹੋਈ। ਕਈ ਮਹੀਨਿਆਂ ਤੋਂ ਪੁਲਾੜ ਮੁਸਾਫ਼ਰਾਂ ਬੁੱਚ ਵਿਲਮੋਰ ਤੇ ਸੁਨੀਤਾ ਵਿਲੀਅਜ਼ਮ ਦੀ ਵਾਪਸੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਇੰਜਨੀਅਰ ਕੈਪਸੂਲ ’ਚ ਆਈ ਸਮੱਸਿਆ ਨੂੰ ਸਮਝਣ ਦਾ ਯਤਨ ਕਰ ਰਹੇ ਹਨ। ਬੋਇੰਗ ਨੇ ਵੱਡੇ ਪੱਧਰ ’ਤੇ ਪ੍ਰੀਖਣਾਂ ਮਗਰੋਂ ਜ਼ੋਰ ਦੇ ਕੇ ਕਿਹਾ ਸੀ ਕਿ ਸਟਾਰਲਾਈਨਰ ਦੋਵਾਂ ਨੂੰ ਵਾਪਸ ਲਿਆਉਣ ਲਈ ਸੁਰੱਖਿਅਤ ਸੀ ਪਰ ਨਾਸਾ ਇਸ ਨਾਲ ਸਹਿਮਤ ਨਹੀਂ ਸੀ ਅਤੇ ਉਸ ਨੇ ਇਸ ਦੀ ਥਾਂ ਸਪੇਸਐਕਸ ਨਾਲ ਉਡਾਣ ਬੁੱਕ ਕੀਤੀ। ਉਨ੍ਹਾਂ ਦੀ ਸਪੇਸਐਕਸ ਯਾਤਰਾ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਨਹੀਂ ਹੋਵੇਗੀ, ਜਿਸ ਦਾ ਮਤਲਬ ਹੈ ਕਿ ਵਿਲਮੋਰ ਤੇ ਸੁਨੀਤਾ ਵਿਲੀਅਮਜ਼ ਫਰਵਰੀ ਤੱਕ ਉੱਥੇ ਹੀ ਰਹਿਣਗੇ।