ਵੈਨਕੂਵਰ: ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਕਰੋਨਾ ਪਾਬੰਦੀਆਂ ਕਾਰਨ ਪਿਛਲੇ ਤਿੰਨ ਸਾਲਾਂ ’ਚ ਨਗਰ ਕੀਰਤਨ ਨਹੀਂ ਸਜਾਇਆ ਜਾ ਸਕਿਆ। ਗੁਰਦੁਆਰਾ ਸਾਹਿਬ ਰੌਸ ਸਟਰੀਟ ’ਚ ਜੁੜੀ ਸੰਗਤ ਦੀ ਅਰਦਾਸ ਮਗਰੋਂ 11 ਵਜੇ ਨਗਰ ਕੀਰਤਨ ਸ਼ੁਰੂ ਹੋਇਆ। ਖਾਲਸਾਈ ਵਿਰਾਸਤ ਵਾਲੀ ਸਜਾਵਟ ਨਾਲ ਤਿਆਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਗਤਕਾ ਪਾਰਟੀ ਵੱਲੋਂ ਜੌਹਰ ਦਿਖਾਏ ਗਏ। ਸਾਰਾ ਦਿਨ ਹੁੰਦੀ ਰਹੀ ਕਿਣਮਿਣ ਵੀ ਸਿੱਖ ਸੰਗਤ ਦੇ ਉਤਸ਼ਾਹ ਨੂੰ ਮੱਠਾ ਨਾ ਪਾ ਸਕੀ। ਵੈਨਕੂਵਰ ਪੁਲੀਸ ਵੱਲੋਂ ਸੁਚੱਜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੇਵਿਡ ਈਬੀ ਤੇ ਉਨ੍ਹਾਂ ਦੇ ਮੰਤਰੀਆਂ ਵਿੱਚੋਂ ਕੁਝ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਤੇ ਸੰਗਤ ਨੂੰ ਵਧਾਈ ਦਿੱਤੀ। ਇਸ ਖੇਤਰ ਦੇ ਸੰਸਦ ਮੈਂਬਰਾਂ ਨੇ ਵੀ ਹਾਜ਼ਰੀ ਭਰ ਕੇ ਵੋਟਰਾਂ ਨੂੰ ਮਿਲਣ ਦਾ ਮੌਕਾ ਨਾ ਖੁੰਝਾਇਆ।