ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਪੰਜਾਬੀਆਂ ਦਾ ਸਹਿਯੋਗ ਮੰਗਿਆ

0
647

ਚੰਡੀਗੜ੍ਹ, 19 ਫ਼ਰਵਰੀ:
ਪੰਜਾਬ ਦੇ ਪੇਂਡੂ ਵਿਕਾਸ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਪੰਜਾਬੀਆਂ ਦਾ ਸਹਿਯੋਗ ਮੰਗਿਆ ਹੈ।ਉਨ੍ਹਾਂ ਨੇ ਸਮੁੱਚੇ ਪੰਜਾਬੀ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਪੰਜਾਬੀਆਂ ਨੇ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਉਹ ਨਾਜਾਇਜ ਕਬਜ਼ਾ ਛੱਡਣ ਲਈ ਆਪਣੇ ਆਪ ਹੀ ਅੱਗੇ ਆਉਣ ਤਾਂ ਜੋ ਪੰਜਾਬ ਨੂੰ ਤਰੱਕੀ ਦੇ ਰਾਹਾਂ ‘ਤੇ ਤੋਰਿਆ ਜਾ ਸਕੇ।
ਸ. ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਸਾਲ 2022 ਦੌਰਾਨ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਤੋਂ ਨਜਾਇਜ ਕਬਜੇ ਛੁਡਾਉਣ ਅਤੇ ਸ਼ਾਮਲਾਤ ਜ਼ਮੀਨਾਂ ਲੱਭਣ ਲਈ ਮੁਹਿੰਮ ਅਰੰਭੀ ਗਈ ਸੀ।ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਵੱਖਰੇ ਸ਼ਾਮਲਾਤ ਸੈੱਲ ਦੀ ਸਥਾਪਨਾ ਵੀ ਕੀਤੀ ਗਈ ਸੀ।ਇਸ ਮੁਹਿੰਮ ਦੌਰਾਨ ਹੁਣ ਤੱਕ 9389 ਏਕੜ ਤੋਂ ਵੱਧ ਜ਼ਮੀਨ ਤੋਂ ਨਜਾਇਜ਼ ਕਬਜਾ ਛੁਡਾਇਆ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ, ਪੰਜਾਬ ਅਤੇ ਪੰਜਾਬ ਵਾਸੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸੂਬੇ ਦੀ ਤਰੱਕੀ ਲਈ ਹਰ ਸੰਭਵ ਕਦਮ ਚੁੱਕੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਾਮਲਾਤ ਸੈੱਲ ਦੇ ਯਤਨਾ ਸਦਕਾ ਸ਼ਾਮਲਾਤ ਜ਼ਮੀਨਾਂ ਨਾਲ ਸਬੰਧਤ ਸਾਰੇ ਪੁਰਾਣੇ ਰਿਕਾਰਡ ਨੂੰ ਪੂਰੀ ਗਹਿਰਾਈ ਨਾਲ ਘੋਖਿਆ ਜਾ ਰਿਹਾ ਹੈ ਅਤੇ ਹੁਣ ਤੱਕ 153 ਬਲਾਕਾਂ ਦੀ ਸ਼ਾਮਲਾਤ ਜ਼ਮੀਨ ਦੇ ਰਿਕਾਰਡ ਨੂੰ ਘੋਖਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਵਿਭਾਗ ਨੇ ਹੁਣ ਤੱਕ 139818 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਹੈ, ਜਿਸ ਨੂੰ ਆਉਣ ਵਾਲੇ ਸਮੇਂ ਦੌਰਾਨ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਦਸੰਬਰ 2022 ਤੱਕ ਪਟਿਆਲਾ ਡਵੀਜ਼ਨ ਅਧੀਨ ਕੁੱਲ 6206 ਏਕੜ ਜ਼ਮੀਨ ਨਾਜਾਇਜ਼ ਕਬਜੇ ਤੋਂ ਮੁਕਤ ਕਰਵਾ ਕੇ ਪੰਚਾਇਤਾਂ ਨੂੰ ਸੌਂਪੀ ਗਈ ਹੈ। ਉਨਾਂ ਦੱਸਿਆ ਕਿ ਪਟਿਆਲਾ ਦੀ 1100 ਏਕੜ, ਲੁਧਿਆਣਾ 808 ਏਕੜ, ਫ਼ਤਿਹਗੜ ਸਾਹਿਬ 464 ਏਕੜ, ਸੰਗਰੂਰ 194 ਏਕੜ, ਐਸ.ਏ.ਐਸ. ਨਗਰ 3469 ਏਕੜ, ਰੂਪਨਗਰ 154 ਏਕੜ, ਬਰਨਾਲਾ 8 ਏਕੜ ਅਤੇ ਮਲੇਰਕੋਟਲਾ 9 ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਗਈ ਹੈ।