ਇਨਸਾਫ਼ ਨਾ ਮਿਲਿਆ ਤਾਂ ਦੇਸ਼ ਛੱਡ ਦੇਵਾਂਗਾ: ਬਲਕੌਰ ਸਿੰਘ

0
520

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਪੰਜ ਮਹੀਨੇ ਬਾਅਦ 25 ਨਵੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਪੁੱਤ ਦੇ ਕਤਲ ਦੀ ਐੱਫਆਈਆਰ ਵਾਪਸ ਲੈਣਗੇ ਕਿਉਂਕਿ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਗੈਂਗਸਟਰਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਦੇਸ਼ ਛੱਡ ਕੇ ਚਲੇ ਜਾਣਗੇ।

ਅੱਜ ਪਿੰਡ ਮੂਸਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਜੇਕਰ ਉਹ ਉਨ੍ਹਾਂ ਪੁੱਤ ਨੂੰ ਗੈਂਗਸਟਰਾਂ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ ਤਾਂ ਉਹ ਸਰਕਾਰ ਦਾ ਕੰਮ ਆਸਾਨ ਕਰਨਗੇ ਤੇ ਉਹ ਮਾਨਸਾ ’ਚ ਦਰਜ ਐੱਫਆਈਆਰ ਵਾਪਸ ਲੈ ਲੈਣਗੇ। ਉਨ੍ਹਾਂ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਉਹ ਇੱਕ ਮਹੀਨਾ ਉਡੀਕ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਡੀਜੀਪੀ ਗੌਰਵ ਯਾਦਵ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਦਿਮਾਗ ਵਿੱਚ ਕੀ ਹੈ। ਜੇ ਉਹ ਇਜਾਜ਼ਤ ਦਿੰਦੇ ਹਨ ਤਾਂ ਉਨ੍ਹਾਂ ਨੂੰ ਇਸ ਕਤਲ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੇ ਨਾਮ ਦੇਣਗੇ। ਉਹ ਇੱਕ ਮਹੀਨਾ ਇੰਤਜ਼ਾਰ ਕਰਨਗੇ ਤੇ ਉਸ ਤੋਂ ਬਾਅਦ ਆਪਣੀ ਐੱਫਆਈਆਰ ਵਾਪਸ ਲੈ ਕੇ ਦੇਸ਼ ਛੱਡ ਦੇਣਗੇ। ਭਾਵੇਂ ਉਨ੍ਹਾਂ ਨੂੰ ਬੰਗਲਾਦੇਸ਼ ਵਿੱਚ ਹੀ ਰਹਿਣਾ ਪਵੇ।