ਸਟਾਕਟਨ: ਅਮਰੀਕੀ ਰਾਜ ਕੈਲੀਫੋਰਨੀਆ ਦੇ ਸਟਾਕਟਨ ਗੁਰਦੁਆਰੇ ਦੇ ਬਾਹਰ ‘ਸਿੱਖ ਰਾਇਸ਼ੁਮਾਰੀ 2020’ ਨਾਲ ਜੁੜੇ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਵਿਚ ਤਿੰਨ ਵਿਅਕਤੀ ਫੱਟੜ ਹੋ ਗਏ। ਇਹ ਘਟਨਾ ਸ਼ਨਿਚਰਵਾਰ ਰਾਤ ਨੂੰ ਵਾਪਰੀ ਤੇ ਪੁਲੀਸ ਨੂੰ ਮੌਕੇ ਉਤੇ ਸੱਦਿਆ ਗਿਆ। ਪੁਲੀਸ ਮੁਤਾਬਕ ਗੁਰਦੁਆਰੇ ਵਿਚ ਇਕ ਸਮਾਗਮ ਸੀ ਤੇ ਇਸੇ ਦੌਰਾਨ ਗੋਲੀਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਤੇ ਸ਼ੱਕੀ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਤੇ ਉਹ ਖ਼ਤਰੇ ਤੋਂ ਬਾਹਰ ਹਨ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਗੁਰਦੁਆਰਾ ਕੰਪਲੈਕਸ ਵਿਚ ਨਹੀਂ ਵਾਪਰੀ ਤੇ ਇਸ ਮੌਕੇ ਇਕੱਤਰ ਸੰਗਤ ਨਾਲ ਨਹੀਂ ਜੁੜੀ ਹੋਈ। ਗੁਰਦੁਆਰੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਥੇ ਵੇਟਲਿਫਟਿੰਗ ਮੁਕਾਬਲਾ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਫ਼ਲਤਾ ਨਾਲ ਹੋਇਆ ਤੇ ਇਸ ਮੁਕਾਬਲੇ ਦਾ ਗੋਲੀਬਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਟਕਰਾਅ ਗੁਰਦੁਆਰੇ ਦੇ ਬਾਹਰ ਹੋਇਆ ਹੈ ਤੇ ਸੰਗਤ ਵਿਚੋਂ ਕਿਸੇ ਦਾ ਨੁਕਸਾਨ ਨਹੀਂ ਹੋਇਆ।