ਅੰਗਰੇਜ਼ੀ ਤੋਂ ਕੋਰੇ ਦੋ ਨੌਜਵਾਨਾਂ ਨੂੰ ਕੈਨੇਡਾ ਤੋਂ ਮੋੜਿਆ

0
812

ਵੈਨਕੂਵਰ: ਉਚੇਰੀ ਸਿੱਖਿਆ ਲਈ ਆਇਲੈੱਟਸ ਬੈਂਡ ਦੀ ਸ਼ਰਤ ਵਾਲੇ ਪ੍ਰਮਾਣ-ਪੱਤਰਾਂ ਰਾਹੀਂ ਵੀਜ਼ਾ ਹਾਸਲ ਕਰਕੇ ਕੈਨੇਡਾ ਪੁੱਜਣ ਵਾਲੇ ਅੰਗਰੇਜ਼ੀ ਤੋਂ ਕੋਰੇ ਵਿਦਿਆਰਥੀਆਂ ਨੂੰ ਮੋੜਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਤੀਜੇ ਦਿਨ ਇਕ ਵਿਦਿਆਰਥਣ ਸਮੇਤ ਦੋ ਜਣਿਆਂ ਨੂੰ ਟਰਾਂਜ਼ਿਟ ਹਿਰਾਸਤ ਵਿਚ ਰੱਖ ਕੇ ਵਾਪਸ ਭੇਜੇ ਜਾਣ ਦੀ ਜਾਣਕਾਰੀ ਮਿਲੀ ਹੈ। ਬੇਸ਼ੱਕ ਸਬੰਧਤ ਵਿਭਾਗ ਨੇ ਅਧਿਕਾਰਤ ਤੌਰ ’ਤੇ ਜਾਣਕਾਰੀ ਨਸ਼ਰ ਨਹੀਂ ਕੀਤੀ ਹੈ ਪਰ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਪਰਸੋਂ ਇਹ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਾਢੇ ਛੇ ਬੈਂਡ ਹਾਸਲ ਕਰਨ ਵਾਲੇ ਦੋ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਸਾਧਾਰਨ ਸ਼ਬਦ ‘ਨੇਮ, ਪਲੇਸ, ਸਬਜੈਕਟ’ ਆਦਿ ਦੀ ਵੀ ਸਮਝ ਨਹੀਂ ਸੀ ਲੱਗ ਰਹੀ। ਸੂਤਰਾਂ ਅਨੁਸਾਰ ਪਹਿਲੇ ਦਿਨ ਦਿੱਲੀ ਅਤੇ ਮੁੰਬਈ ਤੋਂ ਆਏ ਕਈ ਵਿਦਿਆਰਥੀਆਂ ’ਚੋਂ ਅਜਿਹੇ ਦੋ ਨੂੰ ਵਾਪਸ ਭੇਜਣ ਤੋਂ ਬਾਅਦ ਕੀਤੀ ਸਖ਼ਤੀ ਕਾਰਨ ਅੱਜ ਤੀਜੇ ਦਿਨ ਵੀ ਦੋ ਦੇ ਵੀਜ਼ੇ ਰੱਦ ਕੀਤੇ ਗਏ ਹਨ। ਇਸ ਮਾਮਲੇ ਨੇ ਤੂਲ ਉਦੋਂ ਫੜੀ ਜਦੋਂ ਕੈਨੇਡਾ ਤੋਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਣ ਦਾ ਯਤਨ ਕਰਦੇ ਕੁਝ ਗੁਜਰਾਤੀ ਵਿਦਿਆਰਥੀ ਫੜੇ ਗਏ ਸਨ।