ਸ਼ਿਕਾਗੋ: ਚਾਰ ਜੁਲਾਈ ਦੀ ਪਰੇਡ ਮੌਕੇ ਗੋਲੀਬਾਰੀ ’ਚ 6 ਮੌਤਾਂ

0
658

ਸ਼ਿਕਾਗੋ: ਸ਼ਿਕਾਗੋ ਦੇ ਹਾਈਲੈਂਡ ਪਾਰਕ ਵਿੱਚ ‘ਚਾਰ ਜੁਲਾਈ ਦੀ ਪਰੇਡ’ ਮੌਕੇ ਗੋਲੀਬਾਰੀ ਵਿੱਚ 6 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਮਗਰੋਂ ਕਈ ਲੋਕ ਡਰ ਕੇ ਮੌਕੇ ਤੋਂ ਭੱਜਦੇ ਦੇਖੇ ਗੲੇ। ਹਾਈਲੈਂਡ ਪਾਰਕ ਸਿਟੀ ਨੇ ਆਪਣੀ ਵੈੱਬਸਾਈਟ ’ਤੇ ਪੰਜ ਵਿਅਕਤੀਆਂ ਦੇ ਮਾਰੇ ਜਾਣ ਅਤੇ 16 ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਹੈ। ਮੌਕੇ ਦੀ ਗਵਾਹ ਗਾਰਸੀਆ ਜੋ ਆਪਣੀ ਨਿੱਕੀ ਧੀ ਨਾਲ ਪਰੇਡ ਦੇਖਣ ਗਈ ਸੀ, ਨੇ ਦੱਸਿਆ ਕਿ ਉਸ ਨੂੰ ਨੇੜੇ ਹੀ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਕੁਝ ਪਲ ਰੁਕਣ ਮਗਰੋਂ ਉਸ ਨੂੰ ਗੋਲੀਆਂ ਦੁਬਾਰਾ ਲੋਡ ਕਰਨ ਅਤੇ ਉਸ ਤੋਂ ਬਾਅਦ ਮੁੜ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਇਸੇ ਦੌਰਾਨ ‘ਦਿ ਸ਼ਿਕਾਗੋ ਸਨ ਟਾਈਮਜ਼’ ਦੀ ਰਿਪੋਰਟ ’ਚ ਕਿਹਾ ਗਿਆ ਕਿ ਪਰੇਡ ਸਵੇਰੇ ਲਗਪਗ 10 ਵਜੇ ਸ਼ੁਰੂ ਹੋਈ ਅਤੇ ਗੋਲੀਆਂ ਚੱਲਣ ਮਗਰੋਂ 10 ਮਿੰਟ ਬਾਅਦ ਰੋਕ ਦਿੱਤੀ ਗਈ। ਮੌਕੇ ਦੇ ਕਈ ਗਵਾਹਾਂ ਨੇ ‘ਅਖਬਾਰ’ ਨੂੰ ਦੱਸਿਆ ਕਿ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੈ। ਡਬਲਿਊਜੀਐੱਨ ਟੈਲੀਵਿਜ਼ਨ ’ਤੇ ਕੁਝ ਕੁਝ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲਾ ਇੱਕ ਸਟੋਰ ਦੀ ਛੱਤ ’ਤੇ ਚੜ੍ਹਿਆ ਹੋਇਆ ਸੀ ਅਤੇ ਉੱਥੋਂ ਭੀੜ ’ਤੇ ਗੋਲੀਆਂ ਚਲਾ ਰਿਹਾ ਸੀ।