ਭਾਰਤ ਦਾ ਕੁਦਰਤੀ ਢੰਗ ਨਾਲ ਅਮਰੀਕੀ ਨਾਗਰਿਕਤਾ ਮਿਲਣ ਵਾਲਿਆਂ ’ਚ ਦੂਜਾ ਸਥਾਨ

0
712

ਵਾਸ਼ਿੰਗਟਨ: ਅਮਰੀਕਾ ’ਚ ਵਿੱਤੀ ਵਰ੍ਹੇ 2022 ਦੌਰਾਨ 15 ਜੂਨ ਤੱਕ 6,61,500 ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ ਹੈ ਅਤੇ ਪਹਿਲੀ ਤਿਮਾਹੀ ’ਚ ਕੁਦਰਤੀ ਢੰਗ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਗਿਣਤੀ ’ਚ ਮੈਕਸਿਕੋ ਤੋਂ ਬਾਅਦ ਭਾਰਤ ਦਾ ਦੂਜਾ ਸਥਾਨ ਹੈ। ਅਮਰੀਕੀ ਨਾਗਰਿਕਤਾ ਤੇ ਇਮੀਗਰੇਸ਼ਨ ਸੇਵਾ (ਯੂਐੱਸਸੀਆਈਐੱਸ) ਦੇ ਡਾਇਰੈਕਟਰ ਐੱਮ ਜੈਡੋ ਨੇ ਦੱਸਿਆ, ‘ਸਾਡੇ ਦੇਸ਼ ’ਚ ਇਤਿਹਾਸਕ ਤੌਰ ’ਤੇ ਜੀਵਨ ਤੇ ਆਜ਼ਾਦੀ ਦਾ ਅਧਿਕਾਰ ਤੇ ਖੁਸ਼ ਰਹਿਣ ਦੀ ਆਜ਼ਾਦੀ ਮਿਲਣ ਕਾਰਨ ਦੁਨੀਆ ਭਰ ’ਚ ਲੱਖਾਂ ਲੋਕ ਅਮਰੀਕਾ ’ਚ ਰਹਿਣ ਆਉਂਦੇ ਹਨ।’ ਵਿੱਤੀ ਵਰ੍ਹੇ 2021 ’ਚ ਯੂਐੱਸਸੀਆਈਐੱਸ ਨੇ 8,55,000 ਨਵੇਂ ਅਮਰੀਕੀ ਨਾਗਰਿਕਾਂ ਦਾ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2022 ’ਚ ਯੂਐੱਸਸੀਆਈਐੱਸ ਨੇ 15 ਜੂਨ ਤੱਕ 6,61,500 ਨਵੇਂ ਅਮਰੀਕੀ ਨਾਗਰਿਕਾਂ ਦਾ ਸਵਾਗਤ ਕੀਤਾ। ਇਸ ਨੇ ਕਿਹਾ ਕਿ ਉਹ ਇਸ ਸਾਲ ਪਹਿਲੀ ਤੋਂ ਅੱਠ ਜੁਲਾਈ ਤੱਕ 140 ਤੋਂ ਪ੍ਰੋਗਰਾਮਾਂ ਰਾਹੀਂ 6600 ਨਵੇਂ ਨਾਗਰਿਕਾਂ ਦਾ ਸਵਾਗਤ ਕਰਕੇ ਆਜ਼ਾਦੀ ਦਿਹਾੜਾ ਮਨਾਏਗਾ। ਅਮਰੀਕਾ ਦਾ ਆਜ਼ਾਦੀ ਦਿਹਾੜਾ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਅਨੁਸਾਰ ਵਿੱਤੀ ਵਰ੍ਹੇ 2022 ਦੌਰਾਨ ਪਹਿਲੀ ਤਿਮਾਹੀ ’ਚ ਜਨਮ ਦੇ ਆਧਾਰ ’ਤੇ ਨਾਗਰਿਕਤਾ ਹਾਸਲ ਕਰਨ ਵਾਲਿਆਂ ’ਚ 34 ਫੀਸਦ ਲੋਕ ਮੈਕਸਿਕੋ (24,508), ਭਾਰਤ (12,928), ਫਿਲਪੀਨਜ਼ (11,316), ਕਿਊਬਾ (10,689) ਤੇ ਡੌਮਿਨਿਕ ਰਿਪਬਲਿਕ (7,046) ਤੋਂ ਸਨ। ਇਸ ਸਮੇਂ ਦੌਰਾਨ ਅਮਰੀਕਾ ਨੇ 1,97,148 ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ।