ਅਮਰੀਕਾ ਦੇ ਫਿਲਾਡੈਲਫੀਆ ਵਿਚ ਸ਼ਨਿਚਰਵਾਰ ਦੇਰ ਰਾਤ ਹੋਈ ਗੋਲੀਬਾਰੀ ’ਚ ਤਿੰਨ ਜਣੇ ਮਾਰੇ ਗਏ ਹਨ ਤੇ 11 ਫੱਟੜ ਹੋ ਗਏ ਹਨ। ਵੇਰਵਿਆਂ ਮੁਤਾਬਕ ਘਟਨਾ ਡਾਊਨਟਾਊਨ ਫਿਲਾਡੈਲਫੀਆ ਵਿਚ ਵਾਪਰੀ ਹੈ। ਇਕ ਹੋਰ ਘਟਨਾ ’ਚ ਟੈਨੇਸੀ ਦੇ ਨਾਈਟਕਲੱਬ ਵਿਚ ਹੋਈ ਗੋਲੀਬਾਰੀ ਵਿਚ ਵੀ ਤਿੰਨ ਜਣੇ ਮਾਰੇ ਗਏ ਹਨ। ਇੱਥੇ 14 ਫੱਟੜ ਵੀ ਹੋਏ ਹਨ। ਫਿਲਾਡੈਲਫੀਆ ਦੀ ਪੁਲੀਸ ਮੁਤਾਬਕ ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਪੁਲੀਸ ਨੇ ਇਲਾਕੇ ਵਿਚ ਗੋਲੀਆਂ ਦੀ ਆਵਾਜ਼ ਸੁਣੀ ਤੇ ਦੇਖਿਆ ਕਿ ਕਈ ਵਿਅਕਤੀ ਇਕ ਵੱਡੀ ਭੀੜ ’ਤੇ ਗੋਲੀਆਂ ਚਲਾ ਰਹੇ ਸਨ। ਇਸੇ ਦੌਰਾਨ ਇਕ ਪੁਲੀਸ ਅਧਿਕਾਰੀ ਨੇ ਸ਼ੱਕੀਆਂ ’ਤੇ ਕਰੀਬ 30 ਫੁਟ ਤੋਂ ਗੋਲੀ ਚਲਾਈ, ਪਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਸ਼ੱਕੀ ਵਿਅਕਤੀ ਦੇ ਗੋਲੀ ਲੱਗੀ ਜਾਂ ਨਹੀਂ। ਪੁਲੀਸ ਨੇ ਦੱਸਿਆ ਕਿ ਰਾਤ ਨੂੰ ਸੈਂਕੜੇ ਲੋਕ ਸਾਊਥ ਸਟ੍ਰੀਟ ’ਤੇ ਮੌਜੂਦ ਸਨ। ਹਰ ਹਫ਼ਤੇ ਦੇ ਅਖ਼ੀਰ ’ਚ ਮਨੋਰੰਜਨ ਲਈ ਉੱਥੇ ਵੱਡੀ ਗਿਣਤੀ ਲੋਕ ਜੁੜਦੇ ਹਨ। ਗੋਲੀਬਾਰੀ ’ਚ ਦੋ ਪੁਰਸ਼ਾਂ ਤੇ ਇਕ ਔਰਤ ਦੀ ਮੌਤ ਹੋਈ ਹੈ। ਪੁਲੀਸ ਨੇ ਦੋ ਹੈਂਡਗੰਨ ਬਰਾਮਦ ਕੀਤੀਆਂ ਹਨ। ਇਕ ਨਾਲ ਮੈਗਜ਼ੀਨ ਵੀ ਸੀ। ਹਾਲੇ ਤੱਕ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਟੈਨੇਸੀ ਗੋਲੀਬਾਰੀ ਦੀ ਘਟਨਾ ਵਿਚ ਕਈ ਜਣਿਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਮਾਮਲੇ ਦੀ ਜਾਂਚ ਹੋ ਰਹੀ ਹੈ।