ਸਿੱਧੂ ਮੂਸੇਵਾਲਾ ਦੀ ਹੱਤਿਆ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ’ਚ ਵਾਧਾ

0
697

ਮੁੰਬਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ, ਦਾ ਨਾਮ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਵੱਜੋਂ ਸਾਹਮਣੇ ਆਉਣ ਬਾਅਦ ਅਦਾਕਾਰ ਦੀ ਸੁਰੱਖਿਆ ਵਧਾਈ ਗਈ ਹੈ। ਸਲਮਾਨ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਤੋਂ ਬਾਅਦ ਬਿਸ਼ਨੋਈ ਦੇ ਰਾਡਾਰ ‘ਤੇ ਹੈ। ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਪਵਿੱਤਰ ਜਾਨਵਰ ਮੰਨਦਾ ਹੈ ਅਤੇ ਸਲਮਾਨ ਦੇ ਸ਼ਿਕਾਰ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਬਿਸ਼ਨੋਈ ਨੇ ਇਸ ਤੋਂ ਪਹਿਲਾਂ 2018 ‘ਚ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬਿਸ਼ਨੋਈ ਦੇ ਕਰੀਬੀ ਸਾਥੀਆਂ ਵਿੱਚੋਂ ਇੱਕ ਰਾਹੁਲ ਉਰਫ਼ ਸੁੰਨੀ ਨੇ ਕਿਹਾ ਕਿ ਉਸ ਨੇ ਸਲਮਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਕਤਲ ਲਈ ਮੁੰਬਈ ਵੀ ਗਿਆ ਸੀ।