ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ

0
620

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਤਰਫ਼ੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ’ਚ ਕੋਈ ਵੱਡਾ ਸਿਆਸੀ ਚਿਹਰਾ ਸਾਹਮਣੇ ਨਹੀਂ ਆਇਆ ਹੈ। ਭਾਜਪਾ ਨਾਲ ਗੱਠਜੋੜ ਵਿਚ ਪੰਜਾਬ ਲੋਕ ਕਾਂਗਰਸ ਦੇ ਹਿੱਸੇ ਕੁੱਲ 37 ਸੀਟਾਂ ਆਈਆਂ ਹਨ ਜਿਨ੍ਹਾਂ ’ਚੋਂ 26 ਮਾਲਵਾ ਖ਼ਿੱਤੇ, ਮਾਝਾ ’ਚ 7 ਅਤੇ ਦੁਆਬਾ ਵਿਚ ਚਾਰ ਸੀਟਾਂ ਮਿਲੀਆਂ ਹਨ। ਅੱਜ ਐਲਾਨੇ ਗਏ 22 ਉਮੀਦਵਾਰਾਂ ’ਚੋਂ 16 ਤਾਂ ਪੁਰਾਣੇ ਕਾਂਗਰਸੀ ਆਗੂ ਹਨ ਜਦੋਂ ਕਿ ਤਿੰਨ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਦੇ ਹਨ। ਕਾਂਗਰਸ ਪਾਰਟੀ ਵੱਲੋਂ ਹੁਣ ਤੱਕ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਚਾਰ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ ਪ੍ਰੰਤੂ ਇਨ੍ਹਾਂ ’ਚੋਂ ਕੋਈ ਵੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿਚ ਨਹੀਂ ਆਇਆ ਹੈ। ਸਿਰਫ਼ ਹਰਜੋਤ ਕਮਲ ਭਾਜਪਾ ਵਿਚ ਸ਼ਾਮਲ ਹੋਏ ਹਨ।