ਕੈਨੇਡਾ ’ਚ ਵਿਦੇਸ਼ੀ ਵਿਿਦਆਰਥੀਆਂ ਅਤੇ ਕਾਮਿਆਂ ਨੂੰ ਮਿਲੇਗੀ ਆਸਾਨੀ ਨਾਲ ਪੀ.ਆਰ.

0
1183

ਟੋਰਾਂਟੋ: ਕੈਨੇਡਾ ‘ਚ 2022 ਵਿਚ ਸਰਕਾਰ ਵਲੋਂ 411000 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦਿੱਤਾ ਜਾਣਾ ਹੈ। ਇਸ ਤਹਿਤ 2021 ਦੇ ਮੁਕਾਬਲੇ ਜਿੱਥੇ ਅਗਲੇ ਸਾਲ ਦੌਰਾਨ ਵਿਦੇਸ਼ਾਂ ਤੋਂ ਕੁਝ ਵੱਧ ਪ੍ਰਵਾਸੀ ਕੈਨੇਡਾ ‘ਚ ਪੱਕੀ ਇਮੀਗ੍ਰੇਸ਼ਨ ਲੈ ਕੇ ਜਾ ਸਕਣਗੇ, ਉੱਥੇ ਕੋਰੋਨਾ ਵਾਇਰਸ ਦੇ ਹਾਲਾਤ ਦੌਰਾਨ ਕੈਨੇਡਾ ’ਚ ਪੁੱਜੇ ਲੋਕਾਂ ਨੂੰ ਵਰਕ ਪਰਮਿਟ ਤੋਂ ਬਾਅਦ ਪੱਕੀ ਇਮੀਗ੍ਰੇਸ਼ਨ ਦੇਣ ਲਈ ਰਾਹ ਪੱਧਰਾ ਕੀਤਾ ਜਾਂਦਾ ਰਹੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਦੇ ਸਾਰੇ (38) ਮੰਤਰੀਆਂ ਨੂੰ ਸਰਕਾਰ ਦੇ ਏਜੰਡੇ ਤਹਿਤ ਕੰਮ ਕਰਨ ਬਾਰੇ ਵਿਸਥਾਰਿਤ ਚਿੱਠੀਆਂ ਭੇਜੀਆਂ ਹਨ ਜੋ ਕਿ ਹਰੇਕ ਸੰਸਦੀ ਚੋਣ ਤੋਂ ਬਾਅਦ ਆਮ ਰਿਵਾਇਤ ਹੈ। ਦੇਸ਼ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਾਤਾ ਮੰਤਰੀ ਸੀਨ ਫਰੇਜ਼ਰ ਨੂੰ ਭੇਜੀ ਚਿੱਠੀ ‘ਚ ਟਰੂਡੋ ਨੇ ਕੁਝ ਸਪੱਸ਼ਟ ਸਿਫਾਰਸ਼ਾਂ ਕੀਤੀਆਂ ਹਨ, ਜਿਨ੍ਹਾਂ ਵਿਚ ਇਮੀਗ੍ਰੇਸ਼ਨ ਅਰਜੀਆਂ ਦਾ ਨਿਪਟਾਰਾ ਤੇਜ਼ ਕਰਨਾ, ਵਿਦੇਸ਼ੀ ਵਿਿਦਆਰਥੀਆਂ ਤੇ ਕਾਮਿਆਂ ਨੂੰ ਪਰਮਾਨੈਂਟ ਰੈਜੀਡੈਂਸੀ (ਪੀ.ਆਰ.) ਦੇ ਮੌਕੇ ਦੇਣ ਲਈ ਨਵੀਆਂ ਨੀਤੀਆਂ ਬਣਾਉਣਾ, ਨਾਗਰਿਕਤਾ ਫੀਸ ਖਤਮ ਕਰਨਾ, ਦੇਸ਼ ਵਿਚ ਰਹਿ ਰਹੇ ਕੱਚੇ ਵਿਦੇਸ਼ੀਆਂ ਨੂੰ ਪੱਕੇ ਹੋਣ ਵਿਚ ਮਦਦ ਕਰਨਾ ਅਤੇ ਅਫ਼ਗਾਨਿਸਤਾਨ ਦੇ (40000) ਸ਼ਰਨਾਰਥੀਆਂ (ਜੋ ਬੀਤੇ 20 ਸਾਲਾਂ ਦੌਰਾਨ ਕੈਨੇਡੀਅਨ ਫੌਜਾਂ ਨਾਲ ਕੰਮ ਕਰਦੇ ਰਹੇ) ਨੂੰ ਪੱਕੇ ਤੌਰ ’ਤੇ ਦੇਸ਼ ਵਿਚ ਲਿਅੳਣ ਦਾ ਟੀਚਾ ਪੂਰਾ ਕਰਨਾ ਸ਼ਾਮਿਲ ਹੈ। ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕਿ੍ਸਟੀਆ ਫਰੀਲੈਂਡ ਨੇ ਵੀ ਕਿਹਾ ਹੈ ਕਿ ਕੈਨੇਡਾ ਵਿਚ ਵਿਦੇਸ਼ਾਂ ਤੋਂ ਇਮੀਗ੍ਰੇਸ਼ਨ ਨਾਲ ਕੈਨੇਡਾ ਦੀ ਆਰਥਿਕਤਾ ਧੜਕਦੀ ਰੱਖਣ ’ਚ ਮਦਦ ਮਿਲਦੀ ਹੈ, ਜਿਸ ਕਰਕੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੇ ਸਿਸਟਮ ਵਿਚ ਸੁਧਾਰਾਂ ਲਈ ਨਿਵੇਸ਼ ਵਧਾਇਆ ਜਾ ਰਿਹਾ ਹੈ। ਟਰੂਡੋ ਵਲੋਂ ਲਿਖੀ ਚਿੱਠੀ ਦੇ ਨੀਤੀਗਤ ਸੁਝਾਵਾਂ ਉਪਰ ਮੰਤਰੀ ਫਰੇਜ਼ਰ ਵਲੋਂ ਪੜਾਅਵਾਰ ਅਮਲ ਕੀਤੇ ਜਾਣ ਦੀ ਸੰਭਾਵਨਾ ਹੈ।