ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਕੈਨੇਡਾ ਜਾਣ ਦੀ ਖੁੱਲ੍ਹ

0
619

ਓਟਾਵਾ: ਸਿਨੋਫਾਰਮ, ਸਿਨੋਵੈਕ ਅਤੇ ਕੋਵੈਕਸੀਨ ਨਾਲ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ 30 ਨਵੰਬਰ ਤੋਂ ਕੈਨੇਡਾ ਵਿੱਚ ਆਉਣ ਦੀ ਆਗਿਆ ਹੋਵੇਗੀ। ਕੈਨੇਡੀਅਨ ਸਰਕਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਕੈਨੇਡਾ ਵਿੱਚ ਸਿਰਫ਼ ਉਹ ਯਾਤਰੀ ਆ ਸਕਦੇ ਹਨ, ਜਿਨ੍ਹਾਂ ਨੇ ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ ਅਤੇ ਜੌਹਨਸਨ ਐਂਡ ਜੌਹਨਸਨ ਦੀਆਂ ਡੋਜ਼ਾਂ ਲਈਆਂ ਹੋਣ। ਸ਼ਿਨਹੂਆ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ ਇਸੇ ਤਰ੍ਹਾਂ 30 ਨਵੰਬਰ ਤੋਂ ਕੈਨੇਡਾ ਤੋਂ ਥਲ ਜਾਂ ਹਵਾਈ ਮਾਰਗ ਰਾਹੀਂ 72 ਤੋਂ ਘੱਟ ਸਮੇਂ ਲਈ ਬਾਹਰ ਜਾਣ ਵਾਲੇ ਲੋਕਾਂ ਨੂੰ ਦੁਬਾਰਾ ਮੁਲਕ ’ਚ ਦਾਖ਼ਲ ਹੋਣ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਨਹੀਂ ਹੋਵੇਗੀ। ਇਹ ਤਬਦੀਲੀ ਸਿਰਫ਼ ਕੈਨੇਡੀਅਨ ਨਾਗਰਿਕਾਂ, ਪੱਕੇ ਵਸਨੀਕਾਂ ਅਤੇ ਭਾਰਤੀ ਐਕਟ ਤਹਿਤ ਰਜਿਸਟਰਡ ਵਿਅਕਤੀਆਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਵੈਕਸੀਨੇਸ਼ਨ ਸਬੰਧੀ ਮੈਡੀਕਲ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ’ਤੇ ਲਾਗੂ ਹੋਵੇਗੀ। ਇਸ ਤੋਂ ਇਲਾਵਾ 15 ਜਨਵਰੀ ਤੋਂ ਯਾਤਰੀਆਂ ਦੇ ਕੁਝ ਸਮੂਹਾਂ, ਜਿਨ੍ਹਾਂ ਨੂੰ ਮੁਲਕ ਵਿੱਚ ਦਾਖ਼ਲ ਹੋਣ ਸਬੰਧੀ ਲੋੜੀਂਦੀਆਂ ਸ਼ਰਤਾਂ ਤੋਂ ਛੋਟ ਹੈ, ਨੂੰ ਕੈਨੇਡਾ ਵਿੱਚ ਸਿਰਫ਼ ਉਸੇ ਸਮੇਂ ਆਉਣ ਦੀ ਆਗਿਆ ਹੋਵੇਗੀ ਜਿਨ੍ਹਾਂ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ। ਇਨ੍ਹਾਂ ਸਮੂਹਾਂ ਵਿੱਚ ਆਪਣੇ ਪਰਿਵਾਰ ਨਾਲ ਮੁੜ ਇਕੱਠੇ ਹੋਣ ਵਾਲੇ ਵਿਅਕਤੀ, ਕੌਮਾਂਤਰੀ ਵਿਦਿਆਰਥੀ, ਪੇਸ਼ੇਵਰ ਅਤੇ ਗੈਰ-ਪੇਸ਼ੇਵਰ ਅਥਲੀਟ, ਪੁਖ਼ਤਾ ਕੰਮ ਸਬੰਧੀ ਪਰਮਿਟ ਹਾਸਲ ਵਿਅਕਤੀ ਤੇ ਟਰੱਕ ਡਰਾਈਵਰਾਂ ਸਮੇਤ ਦੂਜੀਆਂ ਜ਼ਰੂਰੀ ਸੇਵਾਵਾਂ ਵਾਲੇ ਕਾਮੇ ਸ਼ਾਮਲ ਹਨ। ਕੈਨੇਡਾ ਦੇ ਸਿਹਤ ਮੰਤਰੀ ਨੇ ਕਿਹਾ,‘ਰੋਜ਼ਾਨਾ ਕੈਨੇਡੀਅਨ ਨਾਗਰਿਕਾਂ ਦੇ ਟੀਕਾਕਰਨ ਨਾਲ, ਅਸੀਂ ਸੁਚੇਤ ਢੰਗ ਨਾਲ ਖੁੱਲ੍ਹੀ ਅਰਥਵਿਵਸਥਾ ਤੇ ਸਮਾਜ ਵੱਲ ਵਧ ਸਕਦੇ ਹਾਂ।