ਪੰਜਾਬ ਵਿੱਚ ਮੁੜ ਜ਼ਮੀਨਾਂ ਦਾ ਪੈਣ ਲੱਗਾ ਮੁੱਲ

0
670

ਚੰਡੀਗੜ੍ਹ: ਪੰਜਾਬ ਵਿਚ ਜ਼ਮੀਨਾਂ ਦਾ ਮੁੱਲ ਮੁੜ ਪੈਣ ਲੱਗਾ ਹੈ ਅਤੇ ਖੇਤ ਮੁੜ ਝੂਮ ਉੱਠੇ ਹਨ| ਕੇਂਦਰੀ ਖੇਤੀ ਕਾਨੂੰਨ ਬਣਨ ਮਗਰੋਂ ਖੇਤੀ ਜ਼ਮੀਨਾਂ ਦੇ ਭਾਅ ਹੇਠਾਂ ਵੱਲ ਆਉਣ ਲੱਗੇ ਸਨ ਅਤੇ ਜ਼ਮੀਨਾਂ ਦੀ ਖ਼ਰੀਦੋ-ਫਰੋਖ਼ਤ ਰੁਕ ਗਈ ਸੀ|

ਇੱਥੋਂ ਤੱਕ ਕਿ ਜ਼ਮੀਨਾਂ ਦੇ ਠੇਕੇ ਵੀ ਹੇਠਾਂ ਆ ਗਏ ਸਨ| ਠੇਕੇ ਵਾਲੀਆਂ ਜ਼ਮੀਨਾਂ ਦੇ ਗਾਹਕ ਘਟ ਗਏ ਸਨ| ਹੁਣ ਜਦੋਂ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਫ਼ੈਸਲਾ ਹੋਇਆ ਹੈ ਤਾਂ ਖੇਤੀ ਜ਼ਮੀਨਾਂ ਦੀ ਪੁੱਛ-ਪ੍ਰਤੀਤ ਵੱਧ ਗਈ ਹੈ| ਲੰਘੇ ਦੋ ਦਿਨਾਂ ਤੋਂ ਠੇਕੇ ’ਤੇ ਜ਼ਮੀਨ ਲੈਣ ਲਈ ਗਾਹਕ ਵਧੇ ਹਨ|

ਪੰਜਾਬ ਵਿਚ ਕਰੀਬ 41 ਲੱਖ ਹੈਕਟੇਅਰ ਰਕਬੇ ਵਿਚ ਖੇਤੀ ਹੁੰਦੀ ਹੈ ਜਿਸ ’ਤੇ ਕਰੀਬ 10.50 ਲੱਖ ਕਿਸਾਨ ਖੇਤੀ ਕਰਦੇ ਹਨ| ਇਨ੍ਹਾਂ ’ਚੋਂ 36 ਫੀਸਦੀ ਛੋਟੇ ਕਿਸਾਨ ਹਨ| ਲੰਘੇ ਡੇਢ ਦਹਾਕੇ ਵਿਚ ਕਰੀਬ ਦੋ ਲੱਖ ਕਿਸਾਨ ਖੇਤੀ ’ਚੋਂ ਬਾਹਰ ਹੋਏ ਹਨ| ਖੇਤੀ ਕਾਨੂੰਨਾਂ ਦਾ ਐਨਾ ਡਰ ਬਣਿਆ ਸੀ ਕਿ ਖੇਤਾਂ ਦੀ ਆਬੋ-ਹਵਾ ਹੀ ਬਦਲਣ ਲੱਗੀ ਸੀ| ਕਿਸਾਨਾਂ ਨੂੰ ਖੇਤ ਹੱਥੋਂ ਖੁੱਸਦੇ ਨਜ਼ਰ ਆਉਣ ਲੱਗੇ ਸਨ| ਲੰਘੇ ਇੱਕ ਸਾਲ ਦੌਰਾਨ ਖੇਤੀ ਜ਼ਮੀਨਾਂ ਦੇ ਸੌਦੇ ਘਟ ਗਏ ਸਨ ਅਤੇ ਸ਼ਹਿਰੀ ਕਾਰੋਬਾਰ ਵਧਣ ਲੱਗਾ ਸੀ|