ਨੀਰਜ ਚੋਪੜਾ ਤੇ ਮਿਤਾਲੀ ਰਾਜ ਸਮੇਤ 12 ਖਿਡਾਰੀਆਂ ਦਾ ਖੇਡ ਰਤਨ ਪੁਰਸਕਾਰ ਨਾਲ ਸਨਮਾਨ

0
1109

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ, ਮਹਿਲਾ ਕ੍ਰਿਕਟਰ ਮਿਤਾਲੀ ਰਾਜ ਅਤੇ ਪੈਰਾਲੰਪਿਕ ਵਿੱਚ ਇਤਿਹਾਸ ਰਚਨ ਵਾਲੇ ਪੈਰਾ ਅਥਲੀਟਾਂ ਸਮੇਤ ਬੀਤੇ ਕੁਝ ਸਮੇਂ ਤੋਂ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸ਼ਨਿਚਰਵਾਰ ਨੂੰ ਇਥੇ ਇਕ ਸਮਾਗਮ ਦੌਰਾਨ ਸਨਮਾਨਤ ਕੀਤਾ।

ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਕੀਤੇ ਗਏ ਇਸ ਸਮਾਗਮ ਵਿੱਚ ਪਹਿਲੀ ਵਾਰ 12 ਖਿਡਾਰੀਆਂ ਨੂੰ ਮੁਲਕ ਦੇ ਸਰਬਉੱਚ ਖੇਡ ਸਨਮਾਨ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰ ਹਾਸਲ ਕਰਨ ਵਾਲੇ ਜ਼ਿਆਦਾਤਰ ਖਿਡਾਰੀਆਂ ਨੇ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਕੋਵਿਡ-19 ਮਹਾਮਾਰੀ ਕਾਰਨ ਬੀਤੇ ਵਰ੍ਹੇ ਇਹ ਪ੍ਰੋਗਰਾਮ ਆਨਲਾਈਨ ਕਰਾਇਆ ਗਿਆ ਸੀ। ਖੇਡ ਰਤਨ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਚੋਪੜਾ ਨੇ ਸਭ ਤੋਂ ਪਹਿਲਾਂ ਇਹ ਸਨਮਾਨ ਹਾਸਲ ਕੀਤਾ। ਨੇਜਾ ਸੁੱਟਣ ਵਿੱਚ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੇ ਇਸ ਖਿਡਾਰੀ ਤੋਂ ਇਲਾਵਾ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਗੋਲਕੀਪਰ ਪੀ ਆਰ ਸ੍ਰੀਜੇਸ਼, ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਪਹਿਲਵਾਨ ਰਵੀ ਦਹੀਆ, ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਅਤੇ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਵੀ ਮੁਲਕ ਦੇ ਸਰਬਉੱਚ ਖੇਡ ਪਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸੁਨੀਲ ਛੇਤਰੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਫੁਟਬਾਲ ਖਿਡਾਰੀ ਬਣੇ।