ਪਰਗਟ ਅਤੇ ਪਾਹੜਾ ਨੇ ਆਪਣੀ ਹੀ ਸਰਕਾਰ ਘੇਰੀ

0
1165

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੰਤਿਮ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੋਧੀਆਂ ਦੇ ਨਾਲ ਨਾਲ ਆਪਣਿਆਂ ਦੇ ਨਿਸ਼ਾਨੇ ‘ਤੇ ਰਹੀ।
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਬਿਜਲੀ ਸਮਝੌਤਿਆਂ ਅਤੇ ਬੇਅਦਬੀ ਕਾਂਡ ਦੇ ਮੁੱਦੇ ‘ਤੇ ਸਰਕਾਰ ਨੂੰ ਭੰਡਿਆ ਜਦਕਿ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਅਫਸਰਸ਼ਹੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਇੱਥੋਂ ਤੱਕ ਕਿਹਾ ਕਿ ਅਫਸਰਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ।
ਉਨ੍ਹਾਂ ਮੁੱਖ ਸਕੱਤਰ ਅਵਤਾਰ ਸਿੰਘ ਅਤੇ ਐਡਵੋਕੇਟ ਜਨਰਲ ਵੱਲੋਂ ਪੰਜਾਬ ਭਵਨ ‘ਚ ਕਿਰਾਏ ਪੱਕੇ ਤੌਰ ‘ਤੇ ਰੱਖਣ ਦੇ ਬਦਲੇ ਤਿੰਨ ਸਾਲਾਂ ਦਾ ਕਿਰਾਇਆ ਵਸੂਲਣ ਦੀ ਮੰਗ ਵੀ ਕੀਤੀ ਹੈ। ਕਾਂਗਰਸ ਦੇ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਬਿਜਲੀ ਸਮਝੌਤਿਆਂ ਦੇ ਮਾਮਲੇ ‘ਤੇ ਸਦਨ ਦੀ ਕਮੇਟੀ ਦੇ ਗਠਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਮੇਟੀਆਂ ਬਣਾ ਕੇ ਇਸ ਮਾਮਲੇ ਨੂੰ ਤਣ-ਪੱਤਣ ਲਗਾਏ ਜਾਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਬਿਜਲੀ ਸਮਝੌਤਿਆਂ ਦੇ ਮਾਮਲੇ ‘ਤੇ ਸਫ਼ੈਦ ਪੱਤਰ ਲਿਆਂਦੇ ਜਾਣ ‘ਤੇ ਵੀ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਕਿਹਾ ਕਿ ਬਿਜਲੀ ਖ਼ਰੀਦ ਸਮਝੌਤਿਆਂ ਦਾ ਸੇਕ ਲੋਕਾਂ ਨੂੰ ਲੱਗ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਨੇ ਵੀ ਮੇਜ਼ਾਂ ਥਪਥਪਾ ਕੇ ਉਨ੍ਹਾਂ ਦੀ ਹਮਾਇਤ ਕੀਤੀ।
ਪਰਗਟ ਸਿੰਘ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ਼ ਪੰਜ ਸਾਲਾਂ ਦੇ ਸਮੇਂ ਅੰਦਰ ਵੀ ਅਦਾਲਤ ਵਿੱਚ ਦੋਸ਼ ਆਇਦ ਨਾ ਹੋਣ ਨੂੰ ਮੰਦਭਾਗਾ ਕਰਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬਹਿਬਲ ਕਲਾਂ ਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਦਾ ਮਾਮਲਾ ਸਦਨ ਵਿੱਚ ਉਠਾਉਂਦਿਆਂ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਵਿਧਾਇਕਾਂ ਦੇ ਨਾਮ ਚਿੱਠੀ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਅਕਾਲੀ ਵਿਧਾਇਕ ਨੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੀੜਤ ਪਰਿਵਾਰ ਮੁਤਾਬਕ ਇਹ ਦੋਵੇਂ ਜਣੇ ਸੁਰਜੀਤ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਹਨ। ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਂਸਰ ਪੀੜਤਾਂ ਨੂੰ ੫੦੦ ਕਰੋੜ ਰੁਪਏ ਤੁਰੰਤ ਜਾਰੀ ਕਰਨ ਲਈ ਕਿਹਾ।
ਮਨਜੀਤ ਸਿੰਘ ਬਿਲਾਸਪੁਰ ਨੇ ਸੈਂਕੜੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪਿਛਲੀ ਅਕਤੂਬਰ ਤੋਂ ਮਿਹਨਤਾਨਾ ਨਾ ਮਿਲਣ ਦਾ ਦਾਅਵਾ ਕੀਤਾ। ਸਰਬਜੀਤ ਕੌਰ ਮਾਣੂੰਕੇ ਨੇ ਫ਼ਿਰੋਜ਼ਪੁਰ ਦੇ ਪ੍ਰਾਈਵੇਟ ਗੁਰੂ ਨਾਨਕ ਕਾਲਜ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਮਹਿਜ਼ ੩ ਏਕੜ ਦੇ ਇਸ ਕਾਲਜ ‘ਚ ਕਰੀਬ ੫੬੦੦ ਵਿਦਿਆਰਥੀ ਦਾਖਲ ਹਨ ਜਦਕਿ ੧੦੦ ਏਕੜ ‘ਚ ਬਣੀ ਪੰਜਾਬ ਯੂਨੀਵਰਸਿਟੀ ‘ਚ ੪੬੦੦ ਵਿਦਿਆਰਥੀ ਹਨ।
ਉਨ੍ਹਾਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਦਾਖ਼ਲੇ ਫ਼ਰਜ਼ੀ ਅਤੇ ਡੰਮੀ ਹਨ ਅਤੇ ਵਿਦਿਆਰਥੀਆਂ ਨਾਲ ਧੋਖਾ ਹੈ। ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਪੁਲੀਸ ਤਸ਼ੱਦਦ ਨਾਲ ਲੁਧਿਆਣਾ ‘ਚ ਹੋਈ ਮੌਤ ਦੇ ਮਾਮਲੇ ‘ਤੇ ਸਰਕਾਰ ਦਾ ਦਖ਼ਲ ਮੰਗਿਆ।
ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ੧੮ ਸਾਲ ਦੇ ਲੜਕੇ ਨੂੰ ੧੨ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਦੌਰਾਨ ਦਸਤਾਰ ਲਾਹੁਣ ਲਈ ਮਜਬੂਰ ਕਰਕੇ ਮਾਨਸਿਕ ਪੀੜਾ ਦਾ ਸ਼ਿਕਾਰ ਬਣਾਉਣ ਲਈ ਮੱਧ ਪ੍ਰਦੇਸ਼ ਦੀ ਕਮਲਨਾਥ ਦੀ ਅਗਵਾਈ ਵਾਲੀ ਸਰਕਾਰ ਖਿਲਾਫ ਵਿਧਾਨ ਸਭਾ ਵਿਚ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ।