ਖੇਤੀ ਸੰਦਾਂ ਦੀ ਸਬਸਿਡੀ ਹੜੱਪਣਾ ਚਾਹੁੰਦੀ ਹੈ ਪੰਜਾਬ ਸਰਕਾਰ: ਉਗਰਾਹਾਂ

0
1069
Photo: Punjabi Tribune

ਸੰਗਰੂਰ: ਭਾਕਿਯੂ ਏਕਤਾ ਉਗਰਾਹਾਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੰਦਾਂ ’ਤੇ ਮਿਲੀ ਸਬਸਿਡੀ ਪੰਜਾਬ ਸਰਕਾਰ ਹੜੱਪਣਾ ਚਾਹੁੰਦੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਖੇਤੀ ਸੰਦਾਂ ’ਤੇ 80 ਫ਼ੀਸਦੀ ਸਬਸਿਡੀ ਮਨਜ਼ੂਰ ਕੀਤੀ ਗਈ ਸੀ। ਕਿਸਾਨਾਂ ਨੇ ਜਦੋਂ ਅਪਲਾਈ ਕਰ ਦਿੱਤਾ ਤਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਖੇਤੀ ਸੰਦਾਂ ’ਤੇ ਸਬਸਿਡੀ 50 ਫ਼ੀਸਦੀ ਮਿਲੇਗੀ। ਬਾਅਦ ਵਿਚ ਸਬਸਿਡੀ 80 ਫ਼ੀਸਦੀ ਦੇਣ ਦਾ ਐਲਾਨ ਕਰ ਕੇ ਕਿਸਾਨਾਂ ਨੂੰ ਦੁਬਾਰਾ ਅਰਜ਼ੀਆਂ ਦੇਣ ਲਈ ਆਖਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਪਹਿਲਾਂ ਅਰਜ਼ੀਆਂ ਦਿੱਤੀਆਂ ਸਨ, ਉਨ੍ਹਾਂ ਨੂੰ ਖੇਤੀ ਸੰਦ ਨਹੀਂ ਮਿਲੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਸਬਸਿਡੀ ਹੜੱਪਣ ਲਈ ਚਹੇਤਿਆਂ ਰਾਹੀਂ ਅਰਜ਼ੀਆਂ ਮੰਗੀਆਂ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਭਰ ’ਚੋਂ ਕੁੱਲ 62,265 ਕਿਸਾਨਾਂ ਨੇ ਅਰਜ਼ੀਆਂ ਦੇ ਕੇ 1,71,264 ਖੇਤੀ ਸੰਦ ਲੈਣ ਲਈ ਅਪਲਾਈ ਕੀਤਾ ਸੀ। ਇਸ ਵਿੱਚੋਂ 10,297 ਅਰਜ਼ੀਆਂ ਮਨਜ਼ੂਰ ਕਰ ਕੇ ਸਿਰਫ਼ 10,019 ਖੇਤੀ ਸੰਦ ਹੀ ਕਿਸਾਨਾਂ ਨੂੰ ਦਿੱਤੇ ਗਏ। ਕੇਂਦਰ ਸਰਕਾਰ ਵੱਲੋਂ ਜਾਰੀ 346 ਕਰੋੜ ਰੁਪਏ ’ਚੋਂ 106 ਕਰੋੜ ਰੁਪਏ ਹੀ ਵਰਤੇ ਗਏ ਹਨ। ਉਨ੍ਹਾਂ ਕਿਹਾ ਕਿ ਖੇਤੀ ਸੰਦ ਦੇਣ ਦਾ ਸਮਾਂ ਸਿਰਫ਼ 10-12 ਦਿਨ ਹੀ ਬਾਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਫੰਡਾਂ ਦੀ ਸਹੀ ਵਰਤੋਂ ਕਰੇ ਨਹੀਂ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ।