ਕੈਪਟਨ ਹਮਾਇਤੀਆਂ ਨੂੰ ਮਨਾਉਣ ਪੁੱਜੇ ਚੰਨੀ

0
1338
Photo: Punjabi Tribune

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜਲੰਧਰ ਦੇ ਤਿੰਨ ਕਾਂਗਰਸੀ ਵਿਧਾਇਕਾਂ, ਇੱਕ ਸੰਸਦ ਮੈਂਬਰ ਤੇ ਇੱਕ ਸਾਬਕਾ ਸੰਸਦ ਮੈਂਬਰ ਦੇ ਘਰ ਫੇਰੀ ਪਾਈ। ਜਲੰਧਰ ਦੇ ਇਸ ਤੂਫ਼ਾਨੀ ਦੌਰੇ ਦੌਰਾਨ ਮੁੱਖ ਮੰਤਰੀ ਚੰਨੀ 9 ਥਾਵਾਂ ’ਤੇ ਗਏ। ਉਨ੍ਹਾਂ ਦੀ ਇਸ ਫੇਰੀ ਨੂੰ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣਾਈ ਜਾ ਰਹੀ ਪਾਰਟੀ ਵਿੱਚ ਜਾਣ ਤੋਂ ਰੋਕਣ ਦੇ ਯਤਨ ਵਜੋਂ ਵੀ ਦੇਖਿਆ ਜਾ ਰਿਹਾ। ਹਾਲਾਂਕਿ ਉਨ੍ਹਾਂ ਆਪਣੀ ਇਸ ਫੇਰੀ ਦੌਰਾਨ ਜਲੰਧਰ ਸ਼ਹਿਰ ਲਈ ਕੋਈ ਵੱਡਾ ਐਲਾਨ ਨਹੀਂ ਕੀਤਾ।
ਇੱਕ ਕਾਂਗਰਸੀ ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਹੁੰਦਿਆਂ ਹੋਇਆਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਹੀ ਸਭ ਤੋਂ ਵੱਡੀ ਚਣੌਤੀ ਹੁੰਦੀ ਸੀ ਜਦ ਕਿ ਇਸ ਦੇ ਉਲਟ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਆ ਰਹੇ ਹਨ, ਉਨ੍ਹਾਂ ਦੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਨੂੰ ਮਿਲ ਰਹੇ ਹਨ। ਇੱਕ ਹੋਰ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਹੋਰਾਂ ਦੀ ਫੇਰੀ ਨਾਲ ਜਿੱਥੇ ਕੌਂਸਲਰ ਪੱਧਰ ਦੇ ਕਾਂਗਰਸੀ ਆਗੂਆਂ ਨਾਲ ਸਿੱਧਾ ਰਾਬਤਾ ਹੋਇਆ ਹੈ ਉੱਥੇ ਆਉਂਦੀਆਂ 2022 ਦੀਆਂ ਚੋਣਾਂ ਲਈ ਜੋਸ਼ ਭਰਿਆ ਗਿਆ ਹੈ।