ਵੈਨਕੂਵਰ ਵਿਚਾਰ ਮੰਚ ਵੱਲੋਂ ਰਾਜਿੰਦਰ ਸਿੰਘ ਪੰਧੇਰ ਦੀ ਪੁਸਤਕ “ਲੱਸੀ ਵਾਲੀ ਚਾਟੀ” ਰਿਲੀਜ਼

0
741

ਸਰੀ, (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰ ਅਤੇ ਗੁਰਦੀਪ ਆਰਟ ਅਕੈਡਮੀ ਦੇ ਸਹਿਯੋਗ ਨਾਲ ਰਾਜਿੰਦਰ ਸਿੰਘ ਪੰਧੇਰ ਦੀ ਪਲੇਠੀ ਪੁਸਤਕ “ਲੱਸੀ ਵਾਲੀ ਚਾਟੀ” ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ।

ਪੁਸਤਕ ਉਪਰ ਆਪਣਾ ਪਰਚਾ ਪੜ੍ਹਦਿਆਂ ਪ੍ਰਿੰ. ਮਲੂਕ ਚੰਦ ਕਲੇਰ ਨੇ ਪੁਸਤਕ ਵਿਚਲੇ ਛੋਟੇ ਛੋਟੇ ਲੇਖਾਂ ਨੂੰ ਬੇਹੱਦ ਰੌਚਕ ਦੱਸਿਆ। ਉਨ੍ਹਾਂ ਕਿਹਾ ਕਿ ਠੇਠ ਮੁਹਾਵਰੇਦਾਰ ਬੋਲੀ ਵਿਚ ਜਨਮ ਭੂਮੀ ਅਤੇ ਕਰਮਭੂਮੀ ਦੇ ਆਮ ਵਰਤਾਰੇ ਨੂੰ ਆਪਣੀ ਲੇਖਣੀ ਦਾ ਆਧਾਰ ਬਣਾ ਕੇ ਲੇਖਕ ਨੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਸੰਭਾਲਣ ਦਾ ਬਾਖੂਬੀ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ “ਮੇਰਾ ਪਿੰਡ” ਅਤੇ “ਮੇਰਾ ਦਾਗਿਸਤਾਨ” ਵਾਂਗ ਨਿੱਕੇ ਨਿੱਕੇ ਵਾਕ ਇਸ ਵਾਰਤਕ ਦੀ ਖੂਬਸੂਰਤੀ ਦਾ ਹਾਸਲ ਹਨ।

ਉੱਘੇ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪੁਸਤਕ ਪੰਜਾਬੀ ਸਭਿਆਚਾਰ ਦਾ ਅਹਿਮ ਦਸਤਾਵੇਜ ਹੈ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਵਿਸ਼ੇਸ਼ ਕਰਕੇ ਬਾਹਰਲੇ ਮੁਲਕਾਂ ਵਿਚ ਵਸੇ ਪੰਜਾਬੀਆਂ ਲਈ ਇਹ ਇਕ ਨਾਯਾਬ ਤੋਹਫਾ ਹੈ। ਇਸ ਵਿਚ ਪੇਂਡੂ ਪੰਜਾਬੀ ਸਮਾਜ ਦੇ ਵਰਤਾਰੇ, ਟੋਟਕੇ, ਗੱਲਾਂ, ਘਟਨਾਵਾਂ ਨੂੰ ਬੇਹੱਦ ਰੌਚਕਤਾ ਨਾਲ ਪੇਸ਼ ਕੀਤਾ ਗਿਆ ਹੈ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਪੰਜਾਬੀ ਅਖਾਣ, ਮੁਹਾਵਰੇ, ਠੇਠ ਬੋਲੀ ਅਤੇ ਸ਼ੈਲੀ ਪੁਸਤਕ ਦੀ ਪ੍ਰਾਪਤੀ ਹਨ ਅਤੇ ਇਸ ਵਿਚਲੇ ਲੇਖ ਦਿਲਚਸਪ ਹੋਣ ਦੇ ਨਾਲ ਨਾਲ ਜਾਣਕਾਰੀ ਭਰਪੂਰ ਵੀ ਹਨ। ਹਰਚੰਦ ਸਿੰਘ ਬਾਗੜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ. ਰਾਜਿੰਦਰ ਸਿੰਘ ਪੰਧੇਰ ਨਾਲ ਕਾਲਜ ਵੇਲੇ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਕਿਹਾ ਕਿ ਸ. ਪੰਧੇਰ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀ ਅਤੇ ਸਮਾਜਿਕ ਕਾਰਜਾਂ ਵਿਚ ਸਰਗਰਮ ਸਨ। ਸ਼ਾਇਰ ਮੋਹਨ ਗਿੱਲ ਨੇ ਇਸ ਪੁਸਤਕ ਲਈ ਰਾਜਿੰਦਰ ਸਿੰਘ ਪੰਧੇਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਸਤਕ ਦੇ ਸਿਰਲੇਖ ਵੀ ਬੜੇ ਦਿਲਕਸ਼ ਹਨ ਅਤੇ ਕਈ ਲੇਖਾਂ ਵਿਚ ਸ਼ਬਦ ਚਿਤਰਣ ਵੀ ਬਾਕਮਾਲ ਕੀਤਾ ਗਿਆ ਹੈ।

ਪੁਸਤਕ ਦੇ ਲੇਖਕ ਰਾਜਿੰਦਰ ਸਿੰਘ ਪੰਧੇਰ ਨੇ ਆਪਣੇ ਲਿਖਣ ਦਾ ਸਫਰ ਸਾਂਝਾ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚਲੇ ਲੇਖ ਪਿਛਲੇ 10-11 ਸਾਲਾਂ ਦੌਰਾਨ ਲਿਖੇ ਗਏ ਹਨ ਜਿਹੜੇ ਪੰਜਾਬੀ ਸਭਿਆਚਾਰ ਦੀ ਯਥਾਰਥਕ ਤਸਵੀਰ ਪੇਸ਼ ਕਰਦੇ ਹਨ। ਉਨ੍ਹਾਂ ਪੁਸਤਕ ਲਈ ਹੌਂਸਲਾ ਅਫਜ਼ਾਈ ਕਰਨ ਲਈ ਆਪਣੇ ਦੋਸਤ ਲਛਮਣ ਸਿੰਘ ਜਲਵਾਣਾ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਮੋਹਨ ਗਿੱਲ ਅਤੇ ਡਾ. ਪ੍ਰਿਥੀਪਾਲ ਸੋਹੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੌਰਾਨ ਸ. ਪੰਧੇਰ ਦੇ ਕੈਨੇਡੀਅਨ ਜੰਮਪਲ ਪੋਤਰੇ ਬੇਅੰਤ ਸੇਵਾ ਸਿੰਘ ਨੇ ਪੁਸਤਕ ਵਿੱਚੋਂ ਇਕ ਲੇਖ ਪੜ੍ਹ ਕੇ ਆਪਣੀ ਪੰਜਾਬੀ ਭਾਸ਼ਾ ਪ੍ਰਤੀ ਲਗਨ ਦਾ ਇਜ਼ਹਾਰ ਕੀਤਾ। ਸਮਾਗਮ ਦਾ ਸੰਚਾਲਨ ਮੋਹਨ ਗਿੱਲ ਨੇ ਬਾਖੂਬੀ ਕੀਤਾ।

ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ਼ਾਇਰ ਪਾਲ ਢਿੱਲੋਂ, ਗੁਰਦੀਪ ਭੁੱਲਰ, ਹਰਦਮ ਸਿੰਘ ਮਾਨ, ਹਰਿੰਦਰ ਕੌਰ ਸੋਹੀ, ਨਵਰਾਜ ਕੌਰ ਪੰਧੇਰ, ਹਰਮੋਹਨਜੀਤ ਪੰਧੇਰ, ਪ੍ਰੀਤਮ ਸਿੰਘ ਪੰਧੇਰ, ਕਿਰਪਾਲ ਸਿੰਘ ਪੰਧੇਰ, ਨਛੱਤਰ ਸਿੰਘ ਸੇਖੋਂ, ਪਰਮਿੰਦਰ ਕੌਰ ਬਾਗੜੀ, ਗੁਰਨਾਮ ਸਿੰਘ ਗਿੱਲ ਵੀ ਸ਼ਾਮਲ ਸਨ।